ਵਿਚਾਰ ਦਾ ਦੂਜਾ ਪੱਖ-
ਹੱਛਾ, ਹੁਣ ਇਸ ਵਿਚਾਰ ਦਾ ਦੂਜਾ ਪੱਖ ਲਈਏ । ਫ਼ਰਜ਼ ਕਰ ਲਉ ਕਿ ਬਾਬਾ ਪ੍ਰਿਥੀ ਚੰਦ ਜੀ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੇ ਪਿਛੋਂ ਭੀ ਅਜੇ ਜੀਉਂਦੇ ਸਨ । ਤੇ, ਇਹ ਭੀ ਮੰਨ ਲਉ ਕਿ ਜਹਾਂਗੀਰ ਨੇ ਗੁਰੂ ਗ੍ਰੰਥ ਸਾਹਿਬ ਦੀ 'ਬੀੜ' ਜ਼ਬਤ ਕਰ ਲਈ ਸੀ । ਇਹ ਭੀ ਮੰਨ ਲਈਏ ਕਿ ਬਾਬਾ ਪ੍ਰਿਥੀ ਚੰਦ ਨੇ ਜਹਾਂਗੀਰ ਪਾਸੋਂ 'ਬੀੜ' ਵਾਪਸ ਲੈ ਕੇ ਇਸ ਵਿਚ ਭਗਤਾਂ ਆਦਿਕ ਦੀ ਬਾਣੀ ਦਰਜ ਕਰ ਦਿੱਤੀ ਸੀ । ਪਰ, ਜੇ ਸਿਰਫ਼ ਸ੍ਰੀ ਹਰਿਮੰਦਰ ਸਾਹਿਬ ਵਾਲੀ 'ਬੀੜ' ਹੀ ਜ਼ਬਤ ਹੋਈ ਸੀ ਤਾਂ ਬਾਬਾ ਪ੍ਰਿਥੀ ਚੰਦ ਭਗਤਾਂ ਦੀ ਬਾਣੀ ਸਿਰਫ਼ ਇਸੇ 'ਬੀੜ' ਵਿਚ ਦਰਜ ਕਰ ਸਕੇ ਹੋਣਗੇ । ਬਾਕੀ ਉਤਾਰਿਆਂ ਵਿਚ ਭਗਤ-ਬਾਣੀ ਆਦਿਕ ਕਿਵੇਂ ਜਾ ਪਹੁੰਚੀ ? ਚਲੋ, ਨਵੀਂ ਸਾਖੀ ਵਾਲੇ ਵੀਰ ਨੂੰ ਇਸ ਅੰਕੜ ਵਿਚੋਂ ਕੱਢਣ ਲਈ ਇਹ ਭੀ ਮੰਨ ਲਈਏ ਕਿ ਸਾਰੀਆਂ 'ਬੀੜਾਂ' ਹੀ ਜ਼ਬਤ ਹੋ ਗਈਆਂ ਸਨ, ਤੇ, ਬਾਬਾ ਪ੍ਰਿਥੀ ਚੰਦ ਨੇ ਸਭਨਾਂ ਵਿਚ ਹੀ ਭਗਤ-ਬਾਣੀ ਦਰਜ ਕਰ ਦਿੱਤੀ । ਜਹਾਂਗੀਰ ਦੇ ਹੱਕ ਵਿਚ ਪ੍ਰਾਪੇਗੰਡਾ ਕਰਨ ਵਾਸਤੇ ਪ੍ਰਿਥੀ ਚੰਦ ਜੀ ਨੇ ਇਹ ਸਭ 'ਬੀੜਾਂ' ਅਸਲ ਟਿਕਾਣਿਆਂ ਤੇ ਵਾਪਸ ਭੀ ਕਰ ਦਿੱਤੀਆਂ ਹੋਣਗੀਆਂ, ਕਿਉਂਕਿ ਇਕ ਪਾਸੇ ਸਿੱਖਾਂ ਦਾ ਜੋਸ਼ ਮੱਠਾ ਕਰਨਾ ਸੀ, ਦੂਜੇ ਪਾਸੇ, ਸਿੱਖ ਕੰਮ ਵਿਚ ਹਿੰਦੂ ਮਤ ਤੇ ਇਸਲਾਮ ਫੈਲਾਣਾ ਸੀ। ਕਿਹਾ ਅਜਬ ਕੌਤਕ ਹੈ ਕਿ ਕਿਸੇ ਸਿੱਖ ਨੂੰ ਪਤਾ ਨਾ ਲੱਗ ਸਕਿਆ ਕਿ ਗੁਰਬਾਣੀ ਵਿਚ ਮਿਲਾਵਟ ਕਰ ਦਿੱਤੀ ਗਈ ਹੈ । ਸ਼ਾਇਦ ਬਾਦਸ਼ਾਹ ਵਲੋਂ ਸਿਰਫ਼ ਮੱਥੇ ਟੇਕਣ ਦੀ ਹੀ ਆਗਿਆ ਮਿਲੀ ਹੋਵੇ, ਪਾਠ ਕਰਨ ਵਲੋਂ ਅਜੇ ਭੀ ਵਰਜਿਆ ਹੋਇਆ ਹੀ ਹੋਵੇ ।
ਸੁਖ ! ਇਹ ਮੰਨ ਲਈਏ ਕਿ ਬਾਬਾ ਪ੍ਰਿਥੀ ਚੰਦ ਜੀ ਸ੍ਰੀ ਹਰਿਮੰਦਰ ਸਾਹਿਬ ਵਾਲੀ 'ਬੀੜ' ਵਿਚ ਅਤੇ ਸਾਰੇ ਉਤਾਰਿਆਂ ਵਿਚ ਕਾਮਯਾਬੀ ਨਾਲ ਭਗਤ-ਬਾਣੀ ਆਦਿਕ ਦਰਜ ਕਰਾ ਸਕੇ । ਫਿਰ, ਇਨ੍ਹਾਂ ਨੂੰ ਉਹ ਅਸਲ ਟਿਕਾਣਿਆਂ ਤੇ ਭੀ ਭੇਜ ਸਕੇ । ਕਿਸੇ ਨੂੰ ਇਹ ਪਤਾ ਭੀ ਨਾ ਲਗ ਸਕਿਆ ਕਿ ਬਾਣੀ ਵਿਚ ਕੋਈ ਮਿਲਾਵਟ ਹੋ ਗਈ ਹੈ ।