

ਜੇ ਰਾਮਾਨੰਦ ਜੀ ਆਪ ਅਜਿਹੀ ਠਾਕੁਰ-ਪੂਜਾ ਦੇ ਬਰਖ਼ਿਲਾਫ਼ ਸਨ, ਉਹ ਕਦੇ ਰਵਿਦਾਸ ਜੀ ਨੂੰ ਠਾਕੁਰ-ਪੂਜਾ ਦੀ ਸਿੱਖਿਆ ਨਹੀਂ ਦੇ ਸਕਦੇ ਸਨ । ਜਿਸ ਰਾਮਾਨੰਦ ਨੂੰ ਆਪਣਾ ਸੁਆਮੀ ਬ੍ਰਹਮ ਸਭ ਜੀਵਾਂ ਵਿਚ ਦਿੱਸ ਰਿਹਾ ਸੀ, ਉਹ ਕਿਸੇ ਉੱਤੇ ਗੁੱਸੇ ਹੋ ਕੇ ਕੋਈ ਸਰਾਪ ਭੀ ਨਹੀਂ ਦੇ ਸਕਦਾ ਸੀ । ਸੋ, ਇਹ ਬ੍ਰਹਮਚਾਰੀ ਚੇਲੇ ਵਾਲੀ ਕਹਾਣੀ ਮਨ-ਘੜਤ ਹੈ ।
ਹੁਣ ਆਓ ਵੇਖੀਏ ਕਿ ਭਗਤ ਰਵਿਦਾਸ ਜੀ ਆਪਣੀ ਬਾਣੀ ਵਿਚ ਕਿਸ ਰੂਪ ਵਿਚ ਦਿਖਾਈ ਦੇਂਦੇ ਹਨ ।
ਭਗਤ ਰਵਿਦਾਸ ਜੀ ਅਤੇ ਠਾਕੁਰ-ਪੂਜਾ-
"ਗੁਰ ਭਗਤ ਮਾਲ" ਵਾਲਾ ਲਿਖਦਾ ਹੈ ਕਿ ਜਦੋਂ ਠਾਕੁਰ ਜੀ ਨਦੀ ਵਿਚ ਤਾਰੀਆਂ ਲਾ ਕੇ ਕਿਨਾਰੇ ਤੇ ਆਏ ਤਾਂ ਰਵਿਦਾਸ ਜੀ ਨੇ ਤੁਲਸੀਦਲ ਧੂਪ ਦੀਪਾਦਿ ਨਾਲ ਠਾਕੁਰ ਜੀ ਦੀ ਪੂਜਾ ਕੀਤੀ । ਕੀ ਰਵਿਦਾਸ ਜੀ ਦੀ ਆਪਣੀ ਬਾਣੀ ਵਿਚੋਂ ਕੋਈ ਅਜਿਹੀ ਗਵਾਹੀ ਮਿਲਦੀ ਹੈ ? ਉਹ ਤਾਂ ਸਗੋਂ ਇਸ ਦੇ ਉਲਟ ਲਿਖਦੇ ਹਨ :
ਗੂਜਰੀ ਰਵਿਦਾਸ ਜੀ
ਦੂਧੁ ਤ ਬਛਰੈ ਥਨਹੁ ਬਿਟਾਰਿਓ ॥ ਫੂਲੁ ਭਵਰਿ ਜਲੁ ਮੀਨਿ
ਬਿਗਾਰਿਓ ॥੧॥ ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਓ ॥
ਅਵਰੁ ਨ ਫੂਲੁ ਅਨੂਪੁ ਨ ਪਾਵਉ ॥੧॥ ਰਹਾਉ ॥ ਮੈਲਾਗਰ
ਬੇਰ੍ਹੇ ਹੈ ਭੁਇਅੰਗਾ ॥ ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ ॥੨॥
ਧੂਪੁ ਦੀਪ ਨਈਵੇਦਹਿ ਬਾਸਾ ॥ ਕੈਸੇ ਪੂਜ ਕਰਹਿ ਤੇਰੀ
ਦਾਸਾ ॥੩॥ ਤਨੁ ਮਨੁ ਅਰਪਉ ਪੂਜ ਚਰਾਵਉ ॥ ਗੁਰ
ਪਰਸਾਦਿ ਨਿਰੰਜਨੁ ਪਾਵਉ ॥੪॥ ਪੂਜਾ ਅਰਚਾ ਆਹਿ ਨ
ਤੇਰੀ ॥ ਕਹਿ ਰਵਿਦਾਸ ਕਵਨੇ ਗਤਿ ਮੇਰੀ ॥੫॥੧॥