

ਜ਼ਿਕਰ ਹੈ ਕਿ ਇਹਨਾਂ ਨਾਸਵੰਤ ਪਦਾਰਥਾਂ ਵਿਚ ਮਮਤਾ ਬਣਾਣ ਦਾ ਕੋਈ ਲਾਭ ਨਹੀਂ । ਸਿਰਫ਼ ਅਖ਼ੀਰਲੀ ਤੁਕ ਵਿਚ ਅਰਦਾਸ ਹੈ ਕਿ ਇਸ ਮਮਤਾ ਤੋਂ ਬਚਣ ਲਈ, ਹੇ ਪ੍ਰਭੂ ! ਮੈਂ ਤੇਰੀ ਸ਼ਰਨ ਆਇਆ ਹਾਂ । ਜੇ ਰਵਿਦਾਸ ਜੀ ਅਵਤਾਰ ਸ੍ਰੀ ਰਾਮ ਚੰਦਰ ਦੇ ਉਪਾਸ਼ਕ ਹੁੰਦੇ, ਤਾਂ ਉਹ ਆਪਣੇ ਇਸ ਇਸ਼ਟ ਦਾ ਜ਼ਿਕਰ ਉਹਨਾਂ ਸ਼ਬਦਾਂ ਵਿਚ ਖ਼ ਸ ਤੌਰ ਤੇ ਕਰਦੇ, ਜਿਨ੍ਹਾਂ ਵਿਚ ਉਹ ਨਿਰੋਲ ਅਰਦਾਸ ਹੀ ਕਰ ਰਹੇ ਹਨ, ਜਾਂ, ਜਿਨ੍ਹਾਂ ਵਿਚ ਆਪਣੇ ਇਸ਼ਟ ਦੇ ਗੁਣ ਗਾਏ ਹੋਏ ਹਨ। ਕਿਤੇ ਨਾ ਕਿਤੇ ਤਾਂ ਆਪਣੇ ਇਸ ਇਸ਼ਟ ਦੇ ਕਿਸੇ ਕਾਰਨਾਮੇ ਦਾ ਜ਼ਿਕਰ ਕਰਦੇ । ਪਰ, ਐਸਾ ਕੋਈ ਇਕ ਸ਼ਬਦ ਭੀ ਨਹੀਂ ਮਿਲਦਾ । ਭਗਤ ਰਵਿਦਾਸ ਜੀ ਨੇ ਇਥੇ ਲਫ਼ਜ਼ "ਚੰਦ" ਉਸੇ ਤਰ੍ਹਾਂ ਵਰਤਿਆ ਹੈ ਜਿਵੇਂ ਭੱਟ ਨਲ ਨੇ ਗੁਰੂ ਰਾਮਦਾਸ ਸਾਹਿਬ ਦੀ ਵਡਿਆਈ ਵਿਚ ਸਵਈਏ ਉਚਾਰਨ ਵੇਲੇ । ਵੇਖੋ ਭੱਟ ਨਲ ਦਾ ਸਵਈਆ ਨੰ: ੪-
"ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥
ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ
ਤਾਰਨਿ ਮਨੁਖ ਜਨ ਕੀਅਉ ਪ੍ਰਗਾਸ ॥
[ਇਸ ਦੀ ਵਿਆਖਿਆ ਵਾਸਤੇ ਪੜ੍ਹੋ ਮੇਰੀ ਪੁਸਤਕ "ਭੱਟਾਂ ਦੇ ਸਵਈਏ ਸਟੀਕ"। ਲਫ਼ਜ਼ 'ਚੰਦ' ਤੋਂ ਭਾਵ ਹੈ 'ਚੰਦ ਵਰਗਾ ਸੋਹਣਾ' ਚੰਦ ਵਾਂਗ ਠੰਢ ਦੇਣ ਵਾਲਾ, ਸੋਹਣਾ, ਸ਼ਾਂਤੀ ਦਾ ਪੁੰਜ] ।
ਕਿਸੇ ਇਕ ਅਵਤਾਰ ਦਾ ਉਪਾਸ਼ਕ ਦੂਜੇ ਅਵਤਾਰ ਦੀ ਪੂਜਾ ਨਹੀਂ ਕਰ ਸਕਦਾ । ਪਰ ਰਵਿਦਾਸ ਜੀ ਨੇ ਤਾਂ ਲਫ਼ਜ਼ ਹਰਿ, ਰਾਜਾ ਰਾਮ, ਮਾਧੋ, ਮੁਰਾਰਿ ਆਦਿਕ ਵਰਤਣ ਵਿਚ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਕੀਤਾ । ਮਾਧੋ, ਮੁਰਾਰ ਸ੍ਰੀ ਕ੍ਰਿਸ਼ਨ ਜੀ ਦੇ ਨਾਮ ਹਨ। ਪ੍ਰਮਾਣ ਵਜੋਂ-
ਸੋਰਠਿ ੧-
ਮਾਧੋ ਕਿਆ ਕਹੀਐ ਭ੍ਰਮੁ ਐਸਾ ॥
ਜੈਸਾ ਮਾਨੀਐ ਹੋਇ ਨ ਤੈਸਾ ॥੧॥ਰਹਾਉ॥