

ਪਰ ਜਿਸ ਆਤਮਕ ਅਵਸਥਾ ਦਾ ਇਥੇ ਜ਼ਿਕਰ ਹੈ, ਉਸ ਨੂੰ ਮਨੁੱਖ ਇਸ ਜ਼ਿੰਦਗੀ ਵਿਚ ਹੀ ਅਨੁਭਵ ਕਰ ਸਕਦਾ ਹੈ, ਜੇ ਉਹ ਜੀਵਨ ਦੇ ਸਹੀ ਰਾਹ ਤੇ ਤੁਰਦਾ ਹੈ ।
ਅਰਥ : ਹੇ ਮੇਰੇ ਵੀਰ ! ਹੁਣ ਮੈਂ ਵੱਸਣ ਲਈ ਸੋਹਣੀ ਥਾਂ ਲੱਭ ਲਈ ਹੈ, ਉਥੇ ਸੱਦਾ ਸੁਖ ਹੀ ਸੁਖ ਹੈ ।੧
(ਜਿਸ ਆਤਮਕ ਅਵਸਥਾ-ਰੂਪ ਸ਼ਹਿਰ ਵਿਚ ਮੈਂ ਵੱਸਦਾ ਹਾਂ) ਉਸ ਸ਼ਹਿਰ ਦਾ ਨਾਮ ਹੈ ਬੇਗਮ ਪੁਰਾ (ਭਾਵ, ਉਸ ਅਵਸਥਾ ਵਿਚ ਕੋਈ ਗਮ ਪੋਹ ਨਹੀਂ ਸਕਦਾ), ਉਸ ਥਾਂ ਨਾ ਕੋਈ ਦੁੱਖ ਹੈ ਨਾ ਚਿੰਤਾ ਅਤੇ ਨਾ ਕੋਈ ਘਬਰਾਹਟ; ਉਥੇ ਦੁਨੀਆ ਵਾਲੀ ਜਾਇਦਾਦ ਨਹੀਂ, ਤੇ ਨਾ ਹੀ ਉਸ ਜਾਇਦਾਦ ਨੂੰ ਕੋਈ ਮਸੂਲ ਹੈ; ਉਸ ਅਵਸਥਾ ਵਿਚ ਕਿਸੇ ਪਾਪ-ਕਰਮ ਕਰਨ ਦਾ ਖ਼ਤਰਾ ਨਹੀਂ, ਕੋਈ ਡਰ ਨਹੀਂ ਕੋਈ ਗਿਰਾਵਟ ਨਹੀਂ ।੧।ਰਹਾਉ।
ਉਹ (ਆਤਮਕ ਅਵਸਥਾ ਇਕ ਐਸੀ) ਪਾਤਿਸ਼ਾਹੀ (ਹੈ, ਜੋ) ਸਦਾ ਹੀ ਟਿਕੀ ਰਹਿਣ ਵਾਲੀ ਹੈ, ਉਥੇ ਕਿਸੇ ਦਾ ਦੂਜਾ ਤੀਜਾ ਦਰਜਾ ਨਹੀਂ, ਸਭ ਇਕੋ ਜਿਹੇ ਹਨ; ਉਹ ਸ਼ਹਿਰ ਸਦਾ ਉੱਘਾ ਹੈ ਤੇ ਵੱਸਦਾ ਹੈ, ਉਥੇ ਧਨੀ ਤੇ ਰੱਜੇ ਹੋਏ ਬੰਦੇ ਵੱਸਦੇ ਹਨ (ਭਾਵ, ਉਸ ਆਤਮਕ ਦਰਜੇ ਤੇ ਜੋ ਜੋ ਅੱਪੜਦੇ ਹਨ, ਉਹਨਾਂ ਦੇ ਅੰਦਰ ਕਈ ਵਿਤਕਰਾ ਨਹੀਂ ਰਹਿੰਦਾ ਤੇ ਉਹਨਾਂ ਨੂੰ ਦੁਨੀਆ ਦੀ ਭੁੱਖ ਨਹੀਂ ਰਹਿੰਦੀ) ।੨। ।
ਉਸ ਆਤਮਕ ਸ਼ਹਿਰ ਵਿਚ ਅੱਪੜੇ ਹੋਏ ਬੰਦੇ ਉਸ ਅਵਸਥਾ ਵਿਚ) ਅਨੰਦ ਨਾਲ ਵਿਚਰਦੇ ਹਨ, ਉਹ ਉਸ (ਰੱਬੀ) ਮਹਲ ਦੇ ਭੇਤੀ ਹੁੰਦੇ ਹਨ; (ਇਸ ਵਾਸਤੇ) ਕੋਈ (ਉਹਨਾਂ ਦੇ ਰਾਹ ਵਿਚ) ਰੋਕ ਨਹੀਂ ਪਾ ਸਕਦਾ; ਚਮਿਆਰ ਰਵਿਦਾਸ, (ਜਿਸ ਨੇ ਦੁੱਖ ਅੰਓਹ, ਤਸਵੀਸ਼ ਆਦਿਕ ਤੋਂ ਖ਼ਲਾਸੀ ਪਾ ਲਈ ਹੈ) ਆਖਦਾ ਹੈ-ਅਸ ਡਾ ਮਿੱਤਰ ਉਹ ਹੈ, ਜੋ ਅਸਾਡਾ ਸਤਸੰਗੀ ਹੈ ॥੩॥੨।
ਭਾਵ : ਪ੍ਰਭੂ ਨਾਲ ਮਿਲਾਪ ਵਾਲੀ ਆਤਮਕ ਅਵਸਥਾ ਵਿਚ ਸਦਾ ਅਨੰਦ ਹੀ ਬਣਿਆ ਰਹਿੰਦਾ ਹੈ ।