ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤ-ਬਾਣੀ
ਕਿਵੇਂ ਦਰਜ ਹੋਈ ?
ਅਸ਼ਰਧਾ-ਜਨਕ ਖ਼ਿਆਲ-
ਗੁਰਬਾਣੀ ਦੇ ਕਈ ਟੀਕਾਕਾਰ ਵਿਦਵਾਨਾਂ ਨੇ ਭਗਤ-ਬਾਣੀ ਬਾਰੇ ਐਸੇ ਅਜੀਬ ਅਜੀਬ ਖ਼ਿਆਲ ਦੇਣੋ ਸ਼ੁਰੂ ਕੀਤੇ ਹੋਏ ਸਨ, ਜਿਨ੍ਹਾਂ ਨੂੰ ਮੰਨਣ ਲਈ ਸੋਚ-ਅਕਲ ਉਤੇ ਤਕੜਾ ਦਬਾਉ ਪਾਣਾ ਪੈਂਦਾ ਸੀ। ਸਾਰੇ ਹੀ ਸ਼ਰਧਾਲੂ ਅਜਿਹੇ ਨਹੀਂ ਹੋ ਸਕਦੇ ਜੋ ਹਰ ਗੱਲੇ ਸਤਿ-ਬਚਨ ਆਖੀ ਜਾਣ । ਸ਼ਰਧਾ ਵਾਲਿਆਂ ਦੀ ਇਹ ਸ਼ਰਧਾ ਭੀ ਹੈ ਕਿ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ, ਦੀਨ ਤੇ ਦੁਨੀਆ ਵਿਚ ਸਾਨੂੰ ਰਾਹ ਦੱਸਣ ਵਾਲਾ ਹੈ, ਇਸ ਵਿਚ ਹਰੇਕ ਸ਼ਬਦ ਐਸਾ ਹੈ ਜੋ ਸਾਡੇ ਰੋਜ਼ਾਨਾ ਜੀਵਨ ਵਿਚ ਢੁਕਵਾਂ-ਫਬਵਾਂ ਹੈ। ਪਰ ਜਦੋਂ ਇਹਨਾਂ ਵਿਦਵਾਨ ਟੀਕਾਕਾਰਾਂ ਦੇ ਖ਼ਿਆਲ ਪੜ੍ਹੀਦੇ ਹਨ, ਤਾਂ ਅਕਲ ਚੱਕਰ ਖਾ ਜਾਂਦੀ ਹੈ । ਪੰਡਿਤ ਤਾਰਾ ਸਿੰਘ ਜੀ ਕੌਮ ਵਿਚ ਬੜੇ ਪ੍ਰਸਿੱਧ ਵਿਦਵਾਨ ਮੰਨੇ ਜਾਂਦੇ ਹਨ। ਉਹ ਇਹ ਲਿਖ ਗਏ ਹਨ ਕਿ ਭਗਤਾਂ ਦੀ ਸਾਰੀ ਬਾਣੀ ਗੁਰੂ ਅਰਜਨ ਸਾਹਿਬ ਨੇ ਭਗਤਾਂ ਦੇ ਨਾਮ ਹੇਠ ਆਪ ਹੀ ਉਚਾਰੀ ਹੋਈ ਹੈ । ਭੋਲੇ- ਪਨ ਵਿਚ ਕਿਤਨਾ ਭਾਰਾ ਦੂਸ਼ਣ ਲਾਇਆ ਗਿਆ ਹੈ, ਗੁਰੂ ਪਾਤਿਸ਼ਾਹ ਉਤੇ ! ਅੰਞਾਣ ਤੋਂ ਅੰਞਾਣ ਲਿਖਾਰੀ ਭੀ ਜਾਣਦਾ ਹੈ ਕਿ ਇਹ ਇਖ਼ਲਾਕੀ ਜੁਰਮ ਹੈ। ਪਰ ਸ਼ੁਕਰ ਹੈ ਕਿ ਪੰਡਿਤ ਜੀ ਦੀ ਇਸ ਮਨੌਤ ਨੂੰ ਬਾਣੀ ਦੀ ਅੰਦਰਲੀ ਗਵਾਹੀ ਨੇ ਹੀ ਝੁਠਲਾ ਦਿੱਤਾ ਹੈ । ਕਬੀਰ ਜੀ ਅਤੇ ਫ਼ਰੀਦ ਜੀ ਦੇ ਕਈ ਸਲੋਕ ਐਸੇ ਹਨ ਜੋ ਗੁਰੂ ਅਮਰਦਾਸ ਜੀ ਦੇ ਪਾਸ ਮੌਜੂਦ ਸਨ, ਅਤੇ ਜਿਨ੍ਹਾਂ ਦੇ ਨਾਲ ਤੀਜੇ ਪਾਤਿਸ਼ਾਹ ਜੀ ਨੇ ਆਪਣੇ ਵਲੋਂ ਕੁਝ ਢੁਕਵੇਂ ਖ਼ਿਆਲ ਪੇਸ਼ ਕੀਤੇ ਸਨ । ਪੰਡਿਤ ਤਾਰਾ ਸਿੰਘ ਜੀ