ਰਹੇ ਹਨ। ਹਰ ਤਰ੍ਹਾਂ ਦੀ ਮਾਨਸਿਕ ਗੁਲਾਮੀ ਅਤੇ ਮਜ੍ਹਬੀ ਵਹਿਮਾਂ ਤੋਂ ਇਹ ਮੁਕਤੀ ਦੇ ਚਾਹਵਾਨ ਹਨ। ਜਿਵੇਂ-ਜਿਵੇਂ ਨੌਜਵਾਨਾਂ ਵਿੱਚ ਇਨਕਲਾਬੀ ਰੂਹ ਰਚਦੀ ਜਾਏਗੀ, ਉਹ ਕੌਮੀ ਗੁਲਾਮੀ ਦਾ ਝਟਪਟ ਅਨੁਭਵ ਅਤੇ ਆਜ਼ਾਦੀ ਲਈ ਨਾ ਮਿਟਣ ਵਾਲੀ ਖਿੱਚ ਨਾਲ ਪਰੋਤੇ ਹੋਏ ਜ਼ੁਲਮਾਂ ਵਿਰੁੱਧ ਹੱਥ ਉੱਠਾਣਗੇ। ਇਸ ਤਰ੍ਹਾਂ ਆਤੰਕਵਾਦ (Terrorism) ਦੇ ਦੌਰ ਨੇ ਇਸ ਦੇਸ਼ ਵਿੱਚ ਜਨਮ ਲਿਆ।
ਇਨਕਲਾਬੀ ਦਲੀਲ ਨੂੰ ਮਹਾਨ ਸਮਝਦਾ ਹੈ। ਇਹ ਦਲੀਲ ਅਤੇ ਸਿਰਫ਼ ਦਲੀਲ ਨੂੰ ਮੰਨਦਾ ਹੈ। ਗਾਲੀ ਗਲੋਚ ਭਾਵੇਂ ਕਿੰਨੇ ਉੱਚੇ ਤੋਂ ਉੱਚੇ ਥਾਂ ਤੋਂ ਵਰ੍ਹੇ ਉਹਨੂੰ ਥਿੜਕਾ ਨਹੀਂ ਸਕਦੀ । ਇਉਂ ਸੋਚਣਾ ਕਿ ਹਮਦਰਦੀ ਅਤੇ ਪ੍ਰਸ਼ੰਸਾਂ ਦੀ ਅਣਹੋਂਦ ਵਿੱਚ ਇਨਕਲਾਬੀ ਆਪਣਾ ਆਦਰਸ਼ ਛੱਡ ਜਾਏਗਾ, ਵੱਡੀ ਮੂਰਖਤਾ ਹੈ। ਕਈ ਇਨਕਲਾਬੀ ਹੁਣ ਤੀਕ ਇਹਨਾਂ ਸੰਵਿਧਾਨਕ ਐਜੀਟੇਟਰਾਂ ਦੇ ਮਿਹਣੇ ਦੇਣ ਦੀ ਪਰਵਾਹ ਨਾ ਕਰਦੇ ਹੋਏ ਫ਼ਾਂਸੀਆਂ ਤੇ ਝੂਲ ਗਏ ਹਨ। ਜੇ ਕੋਈ ਚਾਹੁੰਦਾ ਹੈ ਕਿ ਇਨਕਲਾਬੀ ਆਪਣਾ ਕੰਮ ਠੱਲ੍ਹ ਲੈਣ ਤਾਂ ਉਹਨਾਂ ਨਾਲ ਦਲੀਲ ਰਾਹੀਂ ਗੱਲ ਕਰੇ । ਇਹੀ ਇਕੋ ਇੱਕ ਰਸਤਾ ਹੈ। ਬਾਕੀ ਹੋਰ ਕਿਸੇ ਸ਼ੱਕ ਦੀ ਗੁੰਜਾਇਸ਼ ਨਹੀਂ ਹੋਣੀ ਚਾਹੀਦੀ-ਇਨਕਲਾਬ ਕਿਸੇ ਤੁਹਮਤਬਾਜ਼ੀ ਜਾਂ ਹੈਂਕੜਬਾਜ਼ੀ ਤੋਂ ਘਬਰਾਉਣ ਵਾਲੀ ਚੀਜ਼ ਦਾ ਨਾਉਂ ਨਹੀਂ ਹੈ।
ਮੈਂ ਨਾਸਤਕ ਕਿਉਂ ਹਾਂ ?
ਮੈਨੂੰ ਪਤਾ ਹੈ ਕਿ ਜਿਸ ਪਲ ਮੇਰੇ ਗਲ ਵਿੱਚ ਫਾਂਸੀ ਦਾ ਫੰਦਾ ਪਾ ਦਿੱਤਾ ਜਾਏਗਾ ਤੇ ਮੇਰੇ ਪੈਰਾਂ ਹੇਠੋਂ ਤਖ਼ਤੇ ਖੋਲ੍ਹ ਦਿੱਤੇ ਗਏ ਤਾਂ ਉਹ ਮੇਰਾ ਆਖ਼ਰੀ ਪਲ ਹੋਏਗਾ। ਮੇਰਾ ਜਾਂ ਮਿਥਿਹਾਸਿਕ ਸ਼ਬਦਾਵਲੀ ਵਿੱਚ ਆਖੀਏ ਤਾਂ ਮੇਰੀ ਆਤਮਾ ਦਾ ਬਿਲਕੁਲ ਖ਼ਾਤਮਾ ਹੋ ਜਾਏਗਾ। ਇਸ ਪਲ ਮਗਰੋਂ ਕੁਝ ਵੀ ਨਹੀਂ ਹੋਏਗਾ । ਜੇ ਮੈਂ ਇਨਾਮ ਦੇ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਹਿੰਮਤ ਕਰਾਂ ਤਾਂ ਸ਼ਾਨਦਾਰ ਅੰਤ ਤੋਂ ਵਾਂਝੀ ਜੱਦੋ-ਜਹਿਦ ਭਰੀ ਮੁਖ਼ਤਸਰ ਜ਼ਿੰਦਗੀ ਹੀ ਆਪਣੇ ਆਪ ਵਿੱਚ (ਮੇਰਾ) ਇਨਾਮ ਹੋਏਗਾ। ਇਸ ਤੋਂ ਵੱਧ ਕੁਝ ਨਹੀਂ ਹੁਣ ਜਾਂ ਕਦੇ ਵੀ ਕੁਝ ਹਾਸਲ ਕਰ ਸਕਣ ਦੀ ਕਿਸੇ ਵੀ ਖ਼ੁਦਗਰਜ਼ੀ ਤੋਂ ਬਿਨਾਂ ਮੈਂ ਕਾਫ਼ੀ ਬੇਲਾਗ ਹੋ ਕੇ ਆਪਣੀ ਜ਼ਿੰਦਗੀ ਆਜ਼ਾਦੀ ਦੇ ਲੇਖੇ ਲਾਈ ਹੈ, ਕਿਉਂਕਿ ਮੇਰੇ ਕੋਲ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ।
ਜਿਸ ਦਿਨ ਮਨੁੱਖਤਾ ਦੀ ਸੇਵਾ ਤੇ ਦੁੱਖ ਝਾਗ ਰਹੀ ਮਨੁੱਖਤਾ ਦੇ ਨਜਾਤ ਦੀ ਭਾਵਨਾ ਨਾਲ ਪ੍ਰੇਰਿਤ ਬਹੁਤ ਸਾਰੇ ਮਰਦ-ਔਰਤਾਂ ਅੱਗੇ ਆ ਗਏ, ਜਿਹੜੇ ਇਸ ਬਗੈਰ ਹੋਰ ਕਿਸੇ ਚੀਜ਼ ਤੇ ਜੀਵਨ ਨਹੀਂ ਲਗਾ ਸਕਦੇ। ਉਸ ਦਿਨ ਤੋਂ ਮੁਕਤੀ ਦਾ ਯੁੱਗ ਸ਼ੁਰੂ ਹੋਵੇਗਾ। ਉਹ ਦਮਨਕਾਰੀਆਂ, ਲੋਟੂਆਂ ਤੇ ਜ਼ਾਲਮਾਂ ਨੂੰ ਏਸ ਗੱਲੋਂ ਨਹੀਂ ਵੰਗਾਰਨਗੇ ਕਿ ਉਹ ਇਸ ਜਾਂ ਅਗਲੇ ਜਨਮ ਵਿੱਚ ਜਾਂ ਮੌਤ ਮਗਰੋਂ ਬਹਿਸ਼ਤ ਵਿੱਚ ਬਾਦਸ਼ਾਹ ਬਣ ਜਾਣਗੇ ਜਾਂ ਉਹਨਾਂ ਨੂੰ ਕੋਈ ਇਨਾਮ ਮਿਲ ਜਾਵੇਗਾ, ਸਗੋਂ ਮਨੁੱਖਤਾ ਦੀ ਧੌਣ ਤੋਂ ਗੁਲਾਮੀ ਦਾ ਜੂਲਾ ਲਾਹੁਣ ਲਈ