ਅਛੂਤ ਦਾ ਸਵਾਲ
ਜਦੋਂ ਪਿੰਡਾਂ ਵਿੱਚ ਕਿਰਤੀ ਪ੍ਰਚਾਰ ਸ਼ੁਰੂ ਹੋਇਆ ਉਦੋਂ ਜੱਟਾਂ ਨੂੰ ਸਰਕਾਰੀ ਆਦਮੀ ਇਹ ਗੱਲ ਸਮਝਾਕੇ ਭੜਕਾਉਂਦੇ ਸਨ ਕਿ ਦੇਖੋ ਇਹ ਚੂੜਿਆਂ-ਚਪੜਿਆਂ ਨੂੰ ਸਿਰ ਤੇ ਚੜ੍ਹਾ ਰਹੇ ਹਨ ਅਤੇ ਤੁਹਾਡਾ ਕੰਮ ਬੰਦ ਕਰਾਉਂਗੇ। ਬਸ ਜੱਟ ਇੰਨੇ ਵਿੱਚ ਹੀ ਭੂਤਰ ਪਏ । ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹਨਾਂ ਦੀ ਹਾਲਤ ਉੱਨਾਂ ਚਿਰ ਨਹੀਂ ਸੁਧਰ ਸਕਦੀ ਜਿੰਨਾ ਚਿਰ ਕਿ ਉਹ ਇਹਨਾਂ ਗ਼ਰੀਬਾਂ ਨੂੰ ਕਮੀਨ ਅਤੇ ਨੀਚ ਕਹਿ ਕੇ ਆਪਣੇ ਪੈਰਾਂ ਹੇਠ ਦੱਬੀ ਰੱਖਣਾ ਚਾਹੁੰਦੇ ਹਨ। ਕਿਹਾ ਜਾਂਦਾ ਹੈ ਕਿ ਉਹ ਸਾਫ਼ ਨਹੀਂ ਰਹਿੰਦੇ ? ਇਸ ਦਾ ਜਵਾਬ ਸਾਫ਼ ਹੈ, ਉਹ ਗ਼ਰੀਬ ਹਨ। ਗ਼ਰੀਬੀ ਦਾ ਇਲਾਜ ਕਰੋ। ਉੱਚੀਆਂ-ਉੱਚੀਆਂ ਕੁਲਾਂ ਦੇ ਗ਼ਰੀਬ ਲੋਕੀਂ ਕੋਈ ਘੱਟ ਗੰਦੇ ਨਹੀਂ ਹੁੰਦੇ। ਗੰਦਾ ਕੰਮ ਕਰਨ ਦਾ ਬਹਾਨਾ ਵੀ ਨਹੀਂ ਲੱਗ ਸਕਦਾ। ਮਾਵਾਂ ਬੱਚਿਆਂ ਦਾ ਗੰਦ ਸਾਫ਼ ਕਰਨ ਨਾਲ ਚੂਹੜੀਆਂ ਤੇ ਅਛੂਤ ਨਹੀਂ ਹੋ ਜਾਂਦੀਆਂ।... ਪਰ ਇਹ ਕੰਮ ਉੱਨਾਂ ਚਿਰ ਨਹੀਂ ਹੋ ਸਕਦਾ, ਜਿੰਨਾ ਚਿਰ ਕਿ ਅਛੂਤ ਕੌਮਾਂ ਆਪਣੇ-ਆਪ ਨੂੰ ਸੰਗਠਤ ਨਾ ਕਰ ਲੈਣ। .. ਅਸੀਂ ਤਾਂ ਸਾਫ਼ ਕਹਿੰਦੇ ਹਾਂ ਕਿ ਉੱਠੋ! ਅਛੂਤ ਕਹਾਉਣ ਵਾਲੇ ਅਸਲੀ ਸੇਵਕੋ ਤੇ ਵੀਰੋ ਉੱਠੋ ! ਆਪਣਾ ਇਤਿਹਾਸ ਦੇਖੋ।
ਉੱਠੋ। ਆਪਣੀ ਤਾਕਤ ਪਛਾਣੋ । ਜਥੇਬੰਦ ਹੋ ਜਾਓ। ਅਸਲ ਵਿੱਚ ਤੇ ਤੁਹਾਡੇ ਆਪਣੇ ਯਤਨ ਕੀਤਿਆਂ ਬਿਨ੍ਹਾਂ ਤੁਹਾਨੂੰ ਕੁਝ ਵੀ ਨਹੀਂ ਮਿਲ ਸਕੇਗਾ।... ਆਜ਼ਾਦੀ ਦੀ ਖ਼ਾਤਰ ਆਜ਼ਾਦੀ ਚਾਹੁਣ ਵਾਲਿਆਂ ਨੂੰ ਯਤਨ ਕਰਨਾ ਚਾਹੀਦਾ ਹੈ। ਮਨੁੱਖ ਦੀ ਹੌਲੀ-ਹੌਲੀ ਕੁਝ ਇਹੋ ਜਿਹੀ ਆਦਤ ਹੋ ਗਈ ਹੈ ਕਿ ਆਪਣੇ ਵਾਸਤੇ ਤੇ ਉਹ ਹੱਕ ਮੰਗਣਾ ਚਾਹੁੰਦਾ ਹੈ ਪਰ ਜਿਨ੍ਹਾਂ ਤੇ ਉਸ ਦਾ ਆਪਣਾ ਦਬਦਬਾ ਹੋਵੇ, ਉਹਨਾਂ ਨੂੰ ਉਹ ਪੈਰਾਂ ਥੱਲੇ ਹੀ ਰੱਖਣਾ ਚਾਹੁੰਦਾ ਹੈ। ਇਸ ਕਰਕੇ ਲੱਤਾਂ ਦੇ ਭੂਤ ਗੱਲਾਂ ਨਾਲ ਨਹੀਂ ਮੰਨਿਆਂ ਕਰਦੇ। ਜਥੇਬੰਦ ਹੋ ਕੇ ਆਪਣੇ ਪੈਰਾਂ ਤੇ ਖਲ੍ਹੋ ਕੇ ਸਾਰੇ ਸਮਾਜ ਨੂੰ ਚੈਲੰਜ ਕਰ ਦਿਉ। ਦੇਖੋ ਤਾਂ ਫੇਰ ਕੌਣ ਤੁਹਾਡੇ ਹੱਕ ਦੇਣ ਤੋਂ ਇਨਕਾਰ ਕਰਨ ਦੀ ਜੁਰਅਤ ਕਰ ਸਕੇਗਾ। ਤੁਸੀਂ ਲੋਕਾਂ ਦੀ ਖ਼ੁਰਾਕ ਨਾ ਬਣੋ। ਦੂਜਿਆਂ ਦੇ ਮੂੰਹ ਵੱਲ ਨਾ ਤੱਕੋ । ਪਰ ਖ਼ਿਆਲ ਰੱਖਣਾ। ਨੌਕਰਸ਼ਾਹੀ ਦੇ ਝਾਂਸੇ ਵਿੱਚ ਵੀ ਨਾ ਆਉਣਾ। ਇਹ ਤੁਹਾਡੀ ਮਦਦ ਨਹੀਂ ਕਰਨਾ ਚਾਹੁੰਦੀ ਬਲਕਿ ਤੁਹਾਨੂੰ ਆਪਣਾ ਟੂਲ ਬਣਾਉਣਾ ਚਾਹੁੰਦੀ ਹੈ। ਇਸ ਕਰਕੇ ਉਸ ਨਾਲ ਤੁਸੀਂ ਨਾ ਮਿਲਣਾ। ਉਸ ਦੀਆਂ ਚਾਲਾਂ ਕੋਲੋਂ ਬਚਣਾ। ਬਸ ਫੇਰ ਸਾਰਾ ਕੰਮ ਬਣ ਜਾਵੇਗਾ। ਤੁਸੀਂ ਅਸਲੀ ਕਿਰਤੀ ਹੋ। ਕਿਰਤੀਓ ਜਥੇਬੰਦ ਹੋ ਜਾਉ । ਤੁਹਾਡਾ ਕੁਝ ਨੁਕਸਾਨ ਨਹੀਂ ਹੋਵੇਗਾ ਕੇਵਲ ਗੁਲਾਮੀ ਦੀਆਂ ਜ਼ੰਜੀਰਾਂ ਕੱਟੀਆਂ ਜਾਣਗੀਆਂ। ਉੱਠੋ ਮੌਜੂਦਾ ਨਿਜ਼ਾਮ ਦੇ ਵਿਰੁੱਧ ਬਗ਼ਾਵਤ ਖੜ੍ਹੀ ਕਰ ਦਿਉ। ਹੌਲੀ- ਹੌਲੀ ਸੁਧਾਰ ਤੇ ਰੀਫਾਰਮਾ ਨਾਲ ਕੁਝ ਨਹੀਂ ਬਣ ਸਕਦਾ। ਸਮਾਜਿਕ ਐਜੀਟੇਸ਼ਨ ਇਨਕਲਾਬ ਪੈਦਾ ਕਰ ਦਿਉ ਅਤੇ ਪੋਲੀਟੀਕਲ ਤੇ ਆਰਥਿਕ ਇਨਕਲਾਬ ਵਾਸਤੇ ਕਮਰ ਕੱਸੇ ਕਰ ਲਵੋ । ਤੁਸੀਂ ਹੀ ਤੇ ਮੁਲਕ ਦੀ ਜੜ੍ਹ ਹੋ, ਅਸਲੀ ਤਾਕਤ ਹੋ, ਉੱਠੋ। ਸੁੱਤੇ ਹੋਏ ਸ਼ੇਰੋ, ਵਿਦਰੋਹੀਉ ਜਾਂ ਵਿਦਰੋਹ ਖੜ੍ਹਾ ਕਰ ਦਿਉ।