ਸਾਹਮਣਾ ਕਰਨਾ ਪਵੇ ਅਤੇ ਗੁਰੂ ਗੋਬਿੰਦ ਸਿੰਘ ਨਾਲੋਂ ਵੀ ਬਹੁਤ ਕਸ਼ਟ ਝੱਲਣੇ ਪੈਣ, ਫਿਰ ਵੀ ਉਨ੍ਹਾਂ ਨੂੰ ਪਛਤਾ ਕੇ ਇਹ ਵੀ ਨਹੀਂ ਕਹਿਣਾ ਚਾਹੀਦਾ: “ਉਹੋ ਇਹ ਸਭ ਕੁਝ ਤਾਂ ਭੁਲੇਖਾ ਹੀ ਨਿਕਲਿਆ।"
ਨੌਜਵਾਨੋ, ਅਜਿਹੇ ਮਹਾਨ ਸੰਗਰਾਮ ਵਿਚ ਆਪਣੇ-ਆਪ ਨੂੰ ਇਕੱਲਾ ਦੇਖ ਕੇ ਤੁਸੀਂ ਘਬਰਾਉਣਾ ਨਹੀਂ ਹੋਵੇਗਾ। ਤੁਹਾਨੂੰ ਆਪਣੇ ਅੰਦਰ ਸ਼ਕਤੀ ਦਾ ਅਹਿਸਾਸ ਹੋਣਾ ਚਾਹੀਦਾ ਹੈ। ਆਪਣੇ ਬਾਹੂ-ਬਲ 'ਤੇ ਭਰੋਸਾ ਰੱਖੋ ਤੇ ਜਿੱਤ ਤੁਹਾਡੀ ਹੈ।
ਇਤਾਲਵੀ ਪੁਨਰਉਥਾਨ ਦੇ ਪ੍ਰਸਿੱਧ ਵਿਦਵਾਨ ਮੈਜਿਨੀ ਨੇ ਕਿਹਾ ਸੀ, "ਸਾਰੀਆਂ ਕੌਮੀ ਲਹਿਰਾਂ ਉਨ੍ਹਾਂ ਗੁੰਮਨਾਮ ਲੋਕਾਂ ਦੀ ਹੀ ਦੇਣ ਹੁੰਦੀਆਂ ਹਨ, ਜਿਨ੍ਹਾਂ ਪਾਸ ਕੋਈ ਪ੍ਰਸਿੱਧੀ ਜਾਂ ਅਸਰ ਰਸੂਖ ਨਹੀਂ ਹੁੰਦਾ। ਪਰ ਉਹ ਅਜਿਹਾ ਦ੍ਰਿੜ੍ਹ ਨਿਸ਼ਚਾ ਤੇ ਸਿਦਕ ਰੱਖਦੇ ਹਨ ਜਿਸ ਦੇ ਸਾਹਮਣੇ ਸਮੇਂ ਦੀ ਲੰਬਾਈ ਤੇ ਸਭ ਔਕੜਾਂ ਮਾਤ ਪੈ ਜਾਂਦੀਆਂ ਹਨ ।" ਜ਼ਿੰਦਗੀ ਦਾ ਲੰਗਰ ਚੁੱਕ ਦਿਓ ਤੇ ਇਸ ਨੂੰ ਮੁਸ਼ਕਿਲਾਂ ਦੇ ਮਹਾਨ ਸਾਗਰ ਵਿਚ ਠਿਲ੍ਹ ਪੈਣ ਦਿਓ ਤੇ ਫਿਰ!
ਉਸ ਵਿਸ਼ਾਲ ਅਤੇ ਅਦਭੁਤ ਸਮੁੰਦਰ 'ਤੇ ਹੀ ਭਰੋਸਾ ਰੱਖੋ,
ਜਿੱਥੇ ਨਿੱਤ ਨਵੇਂ ਜਵਾਰ ਆਉਂਦੇ ਹਨ,
ਜਿੱਥੇ ਮਹਾਨ ਲਹਿਰਾਂ ਆਜ਼ਾਦ ਹਨ:
ਓ ਨੌਜਵਾਨ ਕੋਲੰਬਸ,
ਹੋ ਸਕਦਾ ਹੈ ਤੇਰੀ ਸੱਚ ਦੀ ਦੁਨੀਆ ਸ਼ਾਇਦ ਇਥੇ ਹੀ ਹੋਵੇ।
ਨੌਜਵਾਨਾਂ ਨੂੰ ਆਜ਼ਾਦ ਤੌਰ 'ਤੇ ਸੰਜੀਦਗੀ ਤੇ ਠਰੰਮੇ ਨਾਲ ਸੋਚਣਾ ਚਾਹੀਦਾ ਹੈ। ਉਹ ਵਤਨ ਦੀ ਬੰਦ ਖਲਾਸੀ ਨੂੰ ਆਪਣੇ ਜੀਵਨ ਦਾ ਇੱਕੋ-ਇੱਕ ਨਿਸ਼ਾਨਾ ਬਣਾ ਲੈਣ। ਉਨ੍ਹਾਂ ਨੂੰ ਆਪਣੇ ਹੀ ਪੈਰਾਂ 'ਤੇ ਖੜ੍ਹੇ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਪਾਖੰਡੀ ਤੇ ਚਾਲਬਾਜ਼ ਲੋਕਾਂ ਤੋਂ ਖ਼ਬਰਦਾਰ ਰਹਿ ਕੇ ਜਥੇਬੰਦ ਹੋਣਾ ਚਾਹੀਦਾ ਹੈ। ਅਜਿਹੇ ਲੋਕਾਂ ਦੀ ਸਾਡੇ ਆਦਰਸ਼ ਨਾਲ ਕੋਈ ਸਾਂਝ ਨਹੀਂ ਅਤੇ ਇਹ ਹਮੇਸ਼ਾ ਸੰਕਟ ਸਮੇਂ ਸਾਥ ਛੱਡ ਜਾਂਦੇ ਹਨ। ਨੌਜਵਾਨਾਂ ਨੂੰ ਸੱਚੇ ਦਿਲੋਂ ਤੇ ਸੰਜੀਦਗੀ ਨਾਲ ਸੇਵਾ, ਬਿਪਤਾ ਸਹਾਰਨ ਤੇ ਕੁਰਬਾਨੀ ਦਾ ਤਿਪਾਸਾ ਆਦਰਸ਼ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਿਸੇ ਕੌਮ ਦੀ ਸਿਰਜਣਾ ਅਜਿਹੇ ਹਜ਼ਾਰਾਂ ਹੀ ਗੁੰਮਨਾਮ ਮਰਦਾਂ ਤੇ ਔਰਤਾਂ ਦੀ ਮੰਗ ਕਰਦੀ ਹੈ, ਜਿਨ੍ਹਾਂ ਨੂੰ ਆਪਣੇ ਨਿੱਜੀ ਲਾਭ ਤੇ ਆਰਾਮ, ਆਪਣੇ ਨਜ਼ਦੀਕੀਆਂ ਨਾਲੋਂ, ਆਪਣਾ ਦੇਸ਼ ਕਿਤੇ ਵੱਧ ਪਿਆਰਾ ਹੋਵੇ।
ਹਿੰਦੋਸਤਾਨ ਸੋਸ਼ਲਿਸ਼ਟ ਰੀਪਬਲਿਕਨ
ਐਸੋਸੀਏਸ਼ਨ ਦਾ ਮੈਨੀਫੈਸਟੋ
ਇਨਸਾਨੀ ਸੁਭਾਅ, ਭਰਮਾਂ ਅਤੇ ਖੜੋਤ ਚਾਹੁਣ ਵਾਲਾ ਹੋਣ ਕਰਕੇ, ਇਨਕਲਾਬ ਤੋਂ ਇੱਕ ਤਰ੍ਹਾਂ ਦਾ ਡਰ ਇਜ਼ਹਾਰ ਕਰਦਾ ਹੈ। ਸਮਾਜਿਕ ਤਬਦੀਲੀ ਸਦਾ ਤਾਕਤ ਅਤੇ ਖ਼ਾਸ ਸਹੂਲਤਾਂ ਮਾਨਣ ਵਾਲਿਆਂ ਲਈ ਡਰ ਪੈਦਾ ਕਰਦੀ ਹੈ। ਇਨਕਲਾਬ ਇੱਕ ਅਜਿਹਾ ਕ੍ਰਿਸ਼ਮਾਂ ਹੈ ਜਿਸ ਨੂੰ ਕੁਦਰਤ ਪਿਆਰ ਕਰਦੀ ਹੈ ਅਤੇ ਜਿਸ ਦੇ ਬਗ਼ੈਰ ਕੋਈ ਉੱਨਤੀ ਨਹੀਂ ਹੋ ਸਕਦੀ, ਨਾ ਕੁਦਰਤ