ਕਿਤਨਾ ਚਿਰ ਇਸ ਤਰ੍ਹਾਂ ਲੰਘ ਗਿਆ, ਤਦ ਬੁੱਢਣ ਸ਼ਾਹ ਨੇ ਫੇਰ ਅੱਖਾਂ ਖੂਹਲੀਆਂ, ਚੁਫੇਰੇ ਤੱਕਿਆ ਤਾਂ ਪਾਸ ਵਾਰ ਇਕ ਹੋਰ ਮੂਰਤ ਬੈਠੀ ਹੈ ਰਬਾਬ ਹੱਥ ਵਿਚ ਹੈ ਤੇ ਬੁੱਢਣ ਸ਼ਾਹ ਵਲ ਤੱਕ ਰਿਹਾ ਹੈ; ਬੇਵਸੇ ਬੁੱਢਣਸ਼ਾਹ ਨੇ ਮੱਥਾ ਟੇਕਿਆ ਤੇ ਸੈਨਤ ਨਾਲ ਪੱਥਰ ਪਰ ਬਿਰਾਜ ਰਹੀ ਸੂਰਤ ਦਾ ਨਾਮ ਪੁੱਛਿਆ, ਤਾਂ ਸਾਥੀ ਨੇ ਕਿਹਾ-
"ਆਪ ਸ੍ਰੀ ਗੁਰੂ ਨਾਨਕ ਜੀ ਹਨ।”
'ਨਾਨਕ' ਨਾਮ ਸੀ ਕਿ ਇਕ ਹੋਰ ਜਾਦੂ ਸੀ ਜੋ ਪਿਆਰ ਨਾਲ ਭਰ ਚੁਕੇ ਕਲੇਜੇ ਵਿਚ 'ਅਣੀਆਲੇ ਅਣੀਆ ਰਾਮ ਰਾਜੇ' ਦਾ ਕੰਮ ਕਰ ਗਿਆ:
ਸੁਨਤਿ ਨਾਮ ਪਾਇਨਿ ਪਰ ਪਰਿਓ।
ਕਹ੍ਯੋ ਕਿ 'ਮੋਹਿ ਨਿਹਾਲ ਅਬ ਕਰਿਓ।...
ਅਬ ਮਮ ਹੋਇ ਗਯੋ ਕੱਲ੍ਯਾਨ
ਦਰਸ਼ਨ ਦੀਨਸਿ ਦਯਾਨਿਧਾਨ' (ਗੁ:ਪ੍ਰ:ਸੁ:)
ਚੋਜੀ ਸਤਿਗੁਰ ਨਾਨਕ ਨੇ ਹੁਣ ਨੈਣ ਖੋਹਲੇ, ਬੁੱਢਣ ਸ਼ਾਹ ਵਲ ਪ੍ਰੇਮ ਦੀ ਨਿਗਾਹ ਨਾਲ ਤੱਕਿਆ। ਜਿਨ੍ਹਾਂ ਬੰਦ ਨੈਣਾਂ ਨੇ ਬੁੱਢਣ ਸ਼ਾਹ ਨੂੰ ਮਾਨੋਂ ਬੰਨ੍ਹ ਲਿਆ ਸੀ, ਉਹਨਾਂ ਖੁੱਲ੍ਹਦੇ ਸਾਰ ਘਾਇਲ ਹੀ ਕਰ ਦਿਤਾ। ਨੈਣਾਂ ਦੇ ਚਾਰ ਹੁੰਦਿਆਂ ਪਿਆਰ ਦੀ ਐਸੀ ਝਰਨਾਟ ਸਾਰੇ ਸਰੀਰ ਵਿਚ ਛਿੜੀ ਕਿ ਬਿਹਬਲ ਹੋਕੇ ਚਰਨੀਂ ਢਹਿ ਪਿਆ ਅਰ ਲਗਾ ਵੈਰਾਗ ਕਰਨ। ਗੁਰੂ ਨਾਨਕ ਨੇ ਜਗਤ ਦੇ ਚਾਨਣ ਨਾਨਕ ਨੇ, ਹਾਂ ਪਿਆਰ ਦੇ ਪੁੰਜ ਸਤਿਗੁਰ ਨੇ, ਦਇਆ ਦੇ ਸਮੁੰਦਰ ਪ੍ਰੀਤਮ ਨੇ ਪਿਆਰ ਭਰਿਆ ਸਿਰ ਚਾਕੇ ਗੋਦ ਵਿਚ ਲੀਤਾ ਤੇ ਇੰਞ ਪਿਆਰ ਦਿਤਾ ਜਿਵੇਂ ਨਿੱਕੇ ਬਾਲ ਨੂੰ ਦੇਈਦਾ ਹੈ। ਹਾਂ ਜੀ ਬੁੱਢਾ ਹੋ ਰਿਹਾ ਬੁੱਢਣਸ਼ਾਹ ਸਤਿਗੁਰ ਦੇ ਗ੍ਰਿਹ ਅੱਜ ਹੀ ਜੰਮਿਆ ਹੈ, ਪ੍ਰੇਮ ਦੇ ਪੰਘੂੜੇ ਵਿਚ ਬਾਲ ਹੋਕੇ ਅੱਜ ਹੀ ਚੜ੍ਹਿਆ ਹੈ, ਪਹਿਲਾ ਝੂਟਾ ਪਿਰਮ ਰਸ ਦਾ, ਪਹਿਲਾ ਹੁਲਾਰਾ ਪ੍ਰੀਤ ਤੰਗ ਦਾ ਅੱਜ ਹੀ ਆਯਾ ਹੈ, ਅੱਜ ਹੀ ਸਤਿਗੁਰ ਕੈ ਜਨਮੇ ਗਵਨੁ ਮਿਟਾਇਆ” ਵਾਲਾ ਬੁੱਢਣ ਸ਼ਾਹ ਨਵੇਂ ਜਨਮ ਵਿਚ ਆਯਾ ਹੈ। ਮਰਨ ਥੀਂ ਅਗਦੀ ਮੋਇਆ ਸੀ, ਹਾਂ ਉਸ ਭੋਲੀ ਮੁਟਿਆਰ ਦੇ ਵਾਕਾਂ ਨਾਲ ਹੰਕਾਰ ਦੀ ਮੌਤ ਅਜੋ ਹੀ