ਮਿਲਕੇ ਅਸਾਂ ਗੁਸਾਂਈ, ਬਿਰਹੋਂ ਨ ਹੁਣ ਦਿਖਾਈਂ। ਚਰਨੀਂ ਜੇ ਆਪ ਲਾਯਾ, ਰਸ ਪ੍ਰੇਮ ਦਾ ਚਖਾਯਾ। ਦਾਸ ਆਪਣਾ ਬਨਾਯਾ, ਵਿਛੁੜ ਨ ਹੁਣ ਗੁਸਾਈਂ।
ਬੁੱਢਣ ਸ਼ਾਹ ਦਾ ਇਹ ਪ੍ਰੇਮ ਦੇਖਕੇ ਜਗਤ ਤਾਰਕ ਜੀ ਨੇ ਗਲ ਲਾਯਾ, ਬਹੁਤ ਪਿਆਰ ਦੇਕੇ ਇਹ ਵਰਦਾਨ ਬਖਸ਼ਿਆ-
ਅਬ ਤੁਵ ਕਾਜ ਗਏ ਸਭਿ ਹੋਇ॥
ਬੈਠਹੁ ਮਨ ਸਤਿਨਾਮੁ ਪੁਰੋਇ॥
(ਸੁ:ਪ੍ਰ:)
ਪਰ ਬੁੱਢਣਸ਼ਾਹ ਦੇ ਰਿਦੇ ਇਤਨਾ ਪ੍ਰੇਮ ਉਮਗ ਰਿਹਾ ਸੀ ਕਿ ਬਿਰਹੋਂ ਨੂੰ ਕੌਣ ਝੱਲੇ ? ਤੇ ਉਧਰ ਧੰਨ ਸਤਿਗੁਰ ਨਾਨਕ, ਜਿਸ ਨੇ ਜਗਤ ਤਾਰਨਾ ਹੈ, ਜਿਨ੍ਹਾਂ ਅਣਗਿਣਤ ਇਸ ਤਰ੍ਹਾਂ ਦੇ ਦੀਪਕ ਪ੍ਰਕਾਸ਼ ਕਰਨੇ ਹਨ, ਤੁਰਨ ਦੀ ਤਾਂਘ ਵਿਚ ਹਨ। ਬੁੱਢਣਸ਼ਾਹ ਨੇ ਹੁਣ ਜਾਤਾ ਕਿ ਸ਼ੁਕਰ ਕਰਨਾ ਤੇ ਰਜ਼ਾ ਨੂੰ ਸਿਰ ਧਰਨਾ ਬੀ ਪ੍ਰੇਮ ਹੈ। ਮਨ ਵਿਚ ਜ਼ੋਰ ਲਾਇਆ ਕਿ ਰਜ਼ਾ ਮੰਨਾਂ, ਪਰ ਹੁਣ ਮਨ ਮਰਦਾ ਨਹੀਂ ਜੋ 'ਰਜ਼ਾ ਮੰਨੀ' ਕਹਿਕੇ ਪੱਥਰ ਦਸ਼ਾ ਨੂੰ ਰਜਾ ਸਮਝਕੇ ਟਲ ਜਾਏ। ਬਥੇਰਾ ਜ਼ੋਰ ਲਾਇਆ, ਪਰ ਇਹ ਬਿਨੈ ਮੂੰਹੋਂ ਨਿਕਲ ਹੀ ਗਈ:- ਹੇ ਦੀਨਾ ਬੰਧੂ! "ਫੇਰ ਦਰਸ਼ਨਾਂ ਦੀ ਦਾਤ?”
'ਫੇਰ ਦਰਸ਼ਨਾਂ ਦੀ ਦਾਤ` ਖ਼ਬਰ ਨਹੀਂ ਕਿੱਡੇ ਤ੍ਰਿਖੇ ਪ੍ਰੇਮ ਦੇ ਵਾਕ ਸਨ ਕਿ ਜਗਤ ਤ੍ਰਾਣ ਕਰਤਾ ਦੇ ਨੈਣ ਪ੍ਰੇਮ ਨਾਲ ਭਰ ਆਏ ਤੇ ਆਪ ਬੋਲੇ- "ਬੁੱਢਣ ਸ਼ਾਹ! ਟਿਕ ਕੇ ਇਸ ਥਲ ਸਿਮਰਨ ਕਰੋ, ਦਰਸ਼ਨ ਹੋਣਗੇ, ਪਰ ਆਪਣੇ ਛੇਵੇਂ ਜਾਮੇਂ ਆਵਾਂਗੇ। ਹੇ ਬੁੱਢਣ ਸ਼ਾਹ! ਨਾ ਸੋਚ ਕਿ ਤੂੰ ਬੁੱਢਾ ਹੈਂ ਤੇ ਐਤਨਾਂ ਚਿਰ ਤਕ ਕਦ ਜੀਵੇਂਗਾ, ਤੂੰ ਜੀਵੇਂਗਾ, ਤੂੰ ਥੀਵੇਂਗਾ ਤੇ ਅਸੀਂ ਛੇਵੇਂ ਜਾਮੇਂ ਆਵਾਂਗੇ। ਤੇਰੀ ਆਰਬਲਾ ਬੜੀ ਹੀ ਲੰਮੀ ਹੋਵੇਗੀ।”
ਗੁਰੂ ਜੀ ਦੇ ਨਾਲ ਦਾ ਸੇਵਕ ਬੋਲਿਆ:- "ਹੇ ਕਰੁਣਾਮਯ ਚੋਜੀ ਤੇ ਕੌਤਕਹਾਰ ਜੀ! ਤਦੋਂ ਤੇਰੇ ਮੇਲ, ਤੇਰੇ ਰੰਗ ਹੋਰ ਹੋਣਗੇ, ਤੇਰੇ ਉਸ ਰੂਪ ਵਿਚ ਬੁੱਢਣਸ਼ਾਹ ਤੈਨੂੰ ਪਛਾਣ ਲਏਗਾ?”