ਸਮਾਂ ਮਾਣਕੇ ਪ੍ਰੇਮ ਦਾ ਸਬਕ ਪਕਾਕੇ ਏਥੋਂ ਟੁਰਾਂ। ਸੋ ਤੁਸਾਂ ਬੀ ਮੇਰੀ ਸਾਰ ਰੱਖਣੀ।
ਇਸ ਤਰ੍ਹਾਂ ਨਿੰਮ੍ਰਤਾ ਤੇ ਪ੍ਰੇਮ ਦੀ ਆਪੋ ਵਿਚ ਗੱਲ ਬਾਤ ਕਰਕੇ ਦੋਵੇਂ ਧਿਰਾਂ ਵਿਦਾ ਹੋਇਆ। ਹੁਣ ਅਕਸਰ ਵੇਰ ਇਕੱਠੇ ਹੁੰਦੇ, ਕਦੇ ਸ਼ਿਖਰੇ ਬੁੱਢਣ ਸ਼ਾਹ ਦੇ ਟਿਕਾਣੇ ਅਰ ਕਦੇ ਪੰਜੂ ਦੇ ਡੋਘਰੇ ਵਿਚ ਤੇ ਕਦੇ ਸਤਲੁਜ ਦੇ ਕਿਨਾਰੇ। ਜੰਗਲ ਵਿਚ ਮੰਗਲ ਹੋ ਗਿਆ। ਗੁਰੂ ਨਾਨਕ ਦਾ ਸਤਿਸੰਗ ਉਜਾੜਾਂ ਵਿਚ ਜਾਗ ਉਠਿਆ, ਗ੍ਰਿਹਸਤੀ ਤੇ ਉਮਰਾ ਦੇ ਸੰਨ੍ਯਾਸੀ ਫਕੀਰ ਇਕ ਥਾਵੇਂ ਮਿਲ ਬੈਠੇ। ਮੁਸਲਮਾਨ ਦੇ ਘਰ ਦਾ ਜਨਮਿਆਂ ਬੁੱਢਣ ਸ਼ਾਹ ਤੇ ਬ੍ਰਾਹਮਣ ਕੁਲ ਵਿਚ ਪਲਿਆ ਤੇ ਪੜ੍ਹਿਆ ਪੰਜੂ ਸੱਕੇ ਭਰਾਵਾਂ ਤੋਂ ਵਧੀਕ ਪਿਆਰ ਵਿਚ ਪ੍ਰੋਤੇ ਗਏ। ਗੁਰ ਨਾਨਕ ਗੋਦ ਵਿਚ ਸਾਰੇ ਗੁਰੂ ਗ੍ਰਿਹ-ਬਾਲਕੇ ਖੇਡਣ ਲੱਗੇ। ਧੰਨ ਸਤਿਗੁਰ ਨਾਨਕ ਜਿਨ ਸਭ 'ਮਾਨਸ' ਤੇ 'ਦੇਵਤੇ' ਕਰ ਦਿਖਾਏ, ਧੰਨ ਸਤਿਗੁਰ ਨਾਨਕ, ਧੰਨ ਸਤਿਗੁਰ ਨਾਨਕ ਦਾ ਸਤਿਸੰਗ।
(ਗੁ:ਨਾ: ਚਮਤਕਾਰ, ਅਧਿ:੪੬)