"ਗੁਰਮੁਖਿ ਬੁਢੇ ਕਦੇ ਨਾਹੀ ਜਿਨ੍ਹਾ ਅੰਤਰਿ ਸੁਰਤਿ ਗਿਆਨੁ॥”
(ਸਲੋਕ ਵਾਰਾਂ ਤੇ ਵਧੀਕ, ਮਹਲਾ ੩-੪੪, ਪੰ. ੧੪੧੮)
ਸੁਰਤ ਜੁਆਨ ਸੀ, ਦਿਨੋਂ ਦਿਨ ਜੋਬਨਾਂ ਵਿਚ ਸੀ, ਸਾਈਂ ਨੇ ਆਪਣੇ ਬਨ ਦੇ ਟਿਕਾਣੇ ਤੋਂ ਜ਼ਰਾ ਅਗੇਰੇ ਖੁਲ੍ਹੇ ਥਾਂ ਡੇਰਾ ਕਰਾਯਾ। ਮਸੰਦ, ਦਾਸ, ਨਤੀ (ਇਸਤ੍ਰੀ) ਦਾ ਡੋਲਾ, ਬੱਚੇ, ਹੋਰ ਸਾਰਾ ਲਾਉ ਲਸ਼ਕਰ ਅਸਬਾਬ ਪੁਜ ਗਿਆ। ਤੰਬੂ ਲਗ ਗਏ, ਜੰਗਲ ਦਾ ਮਾਨੋ ਸੁਹਾਵਾ ਮੰਗਲ ਹੋ ਗਿਆ।
ਕੁਝਕੁ ਦਿਨ ਪ੍ਰਸਪਰ ਪ੍ਰੇਮ ਅਰ ਸਤਿਸੰਗ ਮਗਰੋਂ ਬਾਬੇ ਨੇ ਕਿਹਾ, "ਬੁੱਢਣ ਸ਼ਾਹ ਜੀ ! ਅਸਾਂ ਏਥੇ ਨਗਰ ਵਸਾਣਾ ਹੈ, ਤੁਸੀਂ ਟਿਕਾਣਾ ਦੱਸੋ!” ਇਹ ਸੁਣ ਕੇ ਬੁੱਢੇ ਨੇਤ੍ਰਾਂ ਵਿਚ ਨੀਰ ਭਰ ਆਯਾ, ਬੋਲੇ, "ਬਾਬਾ ਜੀ! ਨਗਰ ਉਥੇ ਵਸਾਓ, ਜਿੱਥੇ ਗੁਰੂ ਬਾਬਾ ਚਰਨ ਪਾ ਕੇ, ਨਿਮਾਣੀ ਢੱਕ ਵਸਾ ਗਿਆ, ਪ੍ਰਸ਼ਾਦੇ ਛਕ ਕੇ, ਗ੍ਰੀਬ, ਪਰ ਸੱਚੇ-ਸੁੱਚੇ ਸਿੱਖ ਤਾਰ ਗਿਆ ਹੈ।” ਇਹ ਕਹਿ ਕੇ ਗਦ ਗਦ ਕੰਠ ਬੁੱਢੇ ਨੇ ਡੋਘਰਾ ਦਸਿਆ। ਨਿਰ ਜਨ ਟਿਕਾਣੇ ਦੋ ਨਿਕੀਆਂ ਛੱਪੜੀਆਂ ਤਕ ਕੇ ਗੁਰਦਿੱਤਾ ਜੀ ਅਸਚਰਜ ਹੋਏ, ਕਿ ਉਨ੍ਹਾਂ ਟੁੱਟੀਆਂ ਝੌਂਪੜੀਆਂ ਵਿਚੋਂ ਦੋ ਮਨੁੱਖ ਤੇ ਦੋ ਮਾਈਆਂ ਨਾਮ ਰੰਗ ਵਿਚ ਰੰਗੀਆਂ ਬਾਹਰ ਆਈਆਂ, ਚਰਨ ਪਰਸੇ, ਮੱਥਾ ਟੇਕਿਆ, ਗੁਰ-ਸੁਤ "ਗੁਰਦਿੱਤੇ" ਦੇ ਦਰਸ਼ਨ ਕਰ ਕੇ ਸੁੱਖ ਪਾਯਾ। ਜਦ ਬੁੱਢਣ ਸ਼ਾਹ ਨੇ ਨਗਰ ਵਸਾਣ ਦੀ ਗੱਲ ਕਹੀ, ਤਾਂ ਦੋਹਾਂ ਪ੍ਰੇਮੀਆਂ ਨੇ ਉਹ ਥਾਂ ਦਸੀ ਜਿੱਥੇ ਗੁਰੂ ਬਾਬਾ ਮਕਈ ਦੀ ਰੋਟੀ ਤੇ ਬੱਕਰੀ ਦਾ ਦੁੱਧ ਛੱਕ ਗਿਆ ਸੀ, ਓਨੀਂ ਥਾਂ ਨੂੰ ਪੀੰਜੂ ਨੇ ਚੌਂਤੜਾ ਬਨਾ ਕੇ ਉੱਚਾ ਕਰ ਰਖਿਆ ਸੀ, ਅਰ ਗੁਰੂ ਬਾਬੇ ਦਾ ਆਸਣ ਜਾਣ ਕੇ ਸਨਮਾਨਤ ਕਰ ਰਖਿਆ ਸੀ। ਬਾਬੇ ਗੁਰਦਿਤੇ ਜੀ ਨੂੰ ਵੀ ਇਹ ਥਾਂ ਬੜੀ ਪ੍ਯਾਰੀ ਲਗੀ, ਉਥੋਂ ਦੀ ਧੂੜ ਮੱਥੇ ਤੇ ਲਾਈ ਤੇ ਗੁਰ ਨਾਨਕ ਪ੍ਰੇਮ ਵਿਚ ਗਦ ਗਦ ਹੋ ਗਏ, ਕਿਤਨਾ ਕਾਲ ਪ੍ਰੇਮ ਦੇ ਜਲ ਨਾਲ ਨੈਣ ਭਰਦੇ ਰਹੇ, ਫੇਰ "ਸਤਿਨਾਮੁ" ਕਹਿ ਕੇ ਗੁਰੂ ਬਾਬੇ ਦਾ ਧਿਆਨ ਧਰ ਕੇ ਆਪਣੇ ਹੱਥੀਂ ਟੱਕ ਲਾਇਆ, ਅਰ ਸ਼ਹਿਰ ਵਸਾਣ ਦੀ ਆਗ੍ਯਾ ਦਿਤੀ। ਗੁਰੂ ਬਾਬੇ ਦੇ ਪ੍ਰੇਮ ਵਿਚ ਪੀੰਜੂ ਤੇ ਉਸਦੇ ਪਰਵਾਰ ਦੇ ਗੁਰੂ-ਜਸ ਦੇ ਰੰਗਾਂ ਦੀ ਯਾਦ ਵਿਚ ਤੇ ਬੁੱਢਣ ਸ਼ਾਹ ਦੇ ਪ੍ਰੀਤੀ-ਤੰਗਾਂ ਦੇ ਚੇਤੇ