ਜਦੋਂ ਲਿਸ਼ਕਾਰਾ ਵੱਜੇ ਤੇ ਅਸਰ ਕਰੇ ਤਦੋਂ ਮਨ ਨਹੀਂ ਹੋਵੇਗਾ, ਪੰਜਵੇਂ ਜਾਮੇਂ ਗੁਰੂ ਬਾਬੇ ਨੇ ਆਖਿਆ ਹੈ:-
"ਸੁਪਨੈ ਊਭੀ ਭਈ ਗਹਿਓ ਕੀ ਨ ਅੰਚਲਾ॥
ਸੁੰਦਰ ਪੁਰਖ ਬਿਰਾਜਿਤ ਪੇਖਿ ਮਨੁ ਬੰਚਲਾ॥
ਖੋਜਉ ਤਾਕੇ ਚਰਣ ਕਹਹੁ ਕਤ ਪਾਈਐ॥
ਹਰਿਹਾਂ ਸੋਈ ਜਤੰਨੁ ਬਤਾਇ ਸਖੀ ਪ੍ਰਿਉ ਪਾਈਐ॥੧੩॥”
(ਫੁਨਹੇ ਮਹਲਾ ੫. ਪੰਨਾ ੧੩੬੨)
ਕਹਿੰਦੇ ਹਨ, ਜਦੋਂ ਸੁੰਦਰ ਪ੍ਯਾਰੇ ਦੇ ਦਰਸ਼ਨ ਦਾ ਝਲਕਾ ਵੱਜਾ, ਓਦੋਂ ਅਸੀਂ ਸੁੱਤੇ ਹੋਏ ਸਾਂ ਅਰਥਾਤ ਮਨ ਉਸ ਵੇਲੇ ਗੁੰਮ ਸੀ, ਹਾਂ ਮਨ ਦੀ ਸੁਪਨ ਅਵਸਥਾ ਸੀ, ਜਦੋਂ ਕਿ ਅਸੀਂ ਉੱਚੇ ਹੋਏ ਅਰਥਾਤ ਦਰਸ਼ਨ ਪਾਯਾ। ਪ੍ਰਸ਼ਨ ਇਹ ਹੁੰਦਾ ਹੈ ਕਿ ਫੇਰ ਪ੍ਯਾਰੇ ਦਾ ਪੱਲਾ ਫੜ ਕਿਉਂ ਨਾ ਲੀਤਾ, ਕਹਿੰਦੇ ਹਨ, ਸੁੰਦਰਤਾ ਦਾ ਝਲਕਾ ਐਸਾ ਵੱਜਾ ਕਿ ਮਨ ਠੱਗਿਆ ਗਿਆ, ਉਹੋ ਗਲ ਫੇਰ ਦਸੀ ਕਿ ਸੁੰਦਰਤਾ ਦਾ ਅਸਰ (ਵਿਸਮਾਦ) ਐਸੀ ਸ਼ੈ ਹੈ ਕਿ ਮਨ ਠੱਗਿਆ ਜਾਂਦਾ ਹੈ, ਮਨ ਬੁੱਧੀ ਉਸ ਵੇਲੇ ਕੰਮ ਨਹੀਂ ਕਰ ਰਹੇ ਹੁੰਦੇ। ਹੁਣ ਆਖਦੇ ਹਨ ਕਿ ਪ੍ਰੀਤਮ ਦੀ ਖੋਜ ਕਰ ਰਹੀ ਹਾਂ ਤੇ ਪੁਛ ਰਹੀ ਹਾਂ ਕਿ ਕੋਈ ਜਤਨ ਦੱਸੋ, ਓਹ ਘੜੀ ਫੇਰ ਕਿਸ ਵੇਲੇ ਆਵੇ? ਹੁਣ ਜਤਨ ਇਹੀ ਹੈ ਕਿ ਮਨ ਗੇਣਤੀਆਂ ਵਿਚ ਨਾ ਲਗੇ, ਮਨ ਸੋਚ ਫਿਕਰ ਤੋਂ ਨਿਕਲੇ ਤੇ ਪ੍ਯਾਰੇ ਵਲ ਲਗੇ, ਫੇਰ ਐਸੇ ਸਮੇਂ ਆਉਣਗੇ ਕਿ ਝਲਕਾ ਪਵੇਗਾ ਤੇ ਵਿਸਮਾਦ ਆਵੇਗਾ। ਗੱਲ ਕੀ ਮਨ ਜਿਹੜਾ ਗ੍ਰਹਿਣ ਸ਼ਕਤੀ ਵਾਲਾ ਹੈ, ਜੋ ਚਾਹੁੰਦਾ ਹੈ, "ਲਵਾਂ”, ਉਸ ਪੁਰ ਵਿਸਮਾਦ ਦਾ ਅਸਰ ਪਿਆ, ਪ੍ਰਤੀਤ ਘਟ ਦੇਂਦਾ ਹੈ, ਜੋ ਮਨ ਤ੍ਯਾਗ ਸ਼ਕਤੀ ਵਾਲਾ ਹੈ, ਉਸ ਪਰ ਵਿਸ਼ੇਸ਼ ਅਸਰ ਪੈਂਦਾ ਤੇ ਪ੍ਰਤੀਤ ਦੇਂਦਾ ਹੈ।