ਮੇਰਾ ਦੁੱਧ*
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਪ
ਕਲਗੀਆਂ ਵਾਲਾ ਸ੍ਰੀ ਗੁਰੂ ਨਾਨਕ
ਸਮਾਂ ਟੁਰਿਆ ਹੀ ਰਹਿੰਦਾ ਹੈ, ਸੋ ਟੁਰਿਆ ਹੀ ਗਿਆ, ਅੱਧੀ ਸਦੀ ਲਗ ਪਗ ਹੋਰ ਬੀਤ ਗਈ। ਖੜਗਾਂ ਵਾਲੇ ਗੁਰ ਨਾਨਕ ਜੀ ਹੁਣ ਦਸਵੇਂ ਜਾਮੇਂ ਆ ਗਏ। ਕੀਰਤਪੁਰ ਕੋਲੋਂ ਲੰਘ ਗਏ, ਅਗੇਰੇ ਚਲੇ ਗਏ", ਜਾ ਪਹਾੜੀਆਂ ਦੂਨਾਂ ਵਿਚ ਆਨੰਦ ਖੇੜਿਆ, ਜਿਥੇ ਆਨੰਦਪੁਰ ਨਵੇਂ ਸਤਿਗੁਰ ਦਾ ਵਸਾਇਆ ਵੱਸ ਰਿਹਾ ਸੀ।
ਦਿਲ ਤਾਂ ਦਸੀਂ ਜਾਮੀਂ ਨਿਰੰਤਰ ਰੱਬੀ ਸੀ, ਤੇ ਵਿਸਮਾਦ, ਇਲਾਹੀ ਤੇਜ, ਸਦਾ ਰੂਹਾਨੀ ਰੰਗ ਦਾ ਅੰਦਰ ਖੇੜਾ ਸੀ, ਹੱਥ ਵਿਚ ਮਾਲਾ, ਲੱਕ ਨਾਲ ਖੜਗ ਸੀ ਤੇ ਹੁਣ ਸੀਸ ਉਤੇ ਕਲਗੀ ਆ ਲੱਗੀ। ਅਰਥਾਤ ਸ਼ਾਂਤਿ, ਉਤਸ਼ਾਹ, ਚੜ੍ਹਦੀਆਂ ਕਲਾਂ ਦਾ ਇਕੱਠਾ ਪ੍ਰਕਾਸ਼ ਹੋ ਗਿਆ। ਸ਼ਾਂਤਿ ਰੂਪ ਪੰਥ ਵਿਚ ਦੀਨ ਰੱਖ੍ਯਾ ਹਿਤ ਬੀਰ ਰਸ ਆਇਆ ਸੀ, ਪਰ ਬੀਰ ਰਸ ਵਿਚ ਰਹਿੰਦਿਆਂ ਕਾਂਪ ਨਾ ਖਾਣੇ ਲਈ ਸੁਰਤ ਨੇ ਚੜ੍ਹਦੀਆਂ ਕਲਾਂ (ਹਉਂ ਰਹਿਤ ਖੇੜੇ) ਦਾ ਰੰਗ ਪਕੜਿਆ ਸੀ।
––––––––––––
* ਇਹ ਪ੍ਰਸੰਗ ਸੰ: ਗੁ: ਨਾ: ਸਾ: ੪੪੬ (੧੯੧੪ ਈ.) ਦੇ ਗੁਰਪੁਰਬ ਪੁੰਨਮ ਪਰ ਪ੍ਰਕਾਸ਼ਿਆ ਸੀ।
੧. ਪਟਨੇ ਤੋਂ ਆਨੰਦਪੁਰ ਜਾਂਦਿਆਂ।