ਇਸ 'ਗੁਰ ਸਿੱਖ ਗੁਰ ਪ੍ਰੀਤ ਹੈ ਨੂੰ ਕੌਣ ਦਰਸਾਏ ? ਰਸੀਏ ਨੂੰ ਰਸ ਮਾਣਨ ਦਾ ਬੀ ਚੇਤਾ ਨਹੀਂ। ਖਿੱਚ ਤੇ ਧਾਈ, ਹਾਂ, ਖਿੱਚ, ਪਿਆਰ ਤੇ ਛਿੱਕਵੇਂ ਪਿਆਰ ਨੇ ਪ੍ਰੀਤਮ ਮਿਲਾਇਆ, ਪ੍ਰੀਤਮ ਦੇ ਚਰਨੀਂ ਲੱਗੇ, ਪ੍ਰੀਤਮ ਦੇ ਹੋ ਗਏ ਕਿ ਸਮਾ ਗਏ ਕਿ ਰਹਿ ਗਏ, ਕੁਝ ਪਤਾ ਨਹੀਂ, ਇਹ ਪ੍ਰੀਤ- -ਤਾਰ ਹੈ, ਇਹ ਪ੍ਰੀਤ ਹੈ। ਇਹ ਮੁਕਤ ਅਮੁਕਤ ਹੈ, ਮੁਕਤੋਂ ਪਰੇ ਦੀ ਪ੍ਰੀਤਿ ਹੈ। ਇਹ ਖਬਰੇ ਕੀ ਹੈ, ਅਕਹਿ ਹੈ। ਸਿਖ ਹੀ ਗੁਰੂ ਵਿਚ ਨਹੀਂ ਸਮਾ ਰਿਹਾ, ਗੁਰੂ ਨੂੰ ਬੀ ਪਿਆਰ ਨੇ ਬੰਨ੍ਹਕੇ ਆਪਣਾ ਕਰ ਲਿਆ ਹੈ, ਸਿਖ--ਪ੍ਯਾਰ ਵਿਚ ਮਗਨਾ ਲਿਆ ਹੈ। ਸਾਰੇ ਸੰਸਾਰ ਦੇ ਗਿਆਨ ਵਾਲੇ ਨੂੰ ਹੁਣ ਹੋਰ ਕੋਈ ਪਤਾ ਨਹੀਂ, ਸਿਖ ਦੀ ਗੁਰੂ ਪਿਆਰ ਵਿਚ ਨਿਮਗਨਤਾ ਹੈ। ਨਿਮਗਨਤਾ ਵਿਚ ਕਾਲ ਦੀ ਚਾਲ ਗੁੰਮ ਹੈ। ਹਾਂ ਬਾਹਰ ਜੋ ਕਾਲ ਦੀ ਚਾਲ ਜਾਰੀ ਹੈ, ਦਿੱਸਦੀ ਹੈ ਕਿ ਕਿਤਨਾ ਹੀ ਕਾਲ ਲੰਘ ਗਿਆ ਹੈ; ਹੁਣ ਚੋਜੀ ਪਿਆਰੇ ਨੇ ਕੰਨ ਵਿਚ ਆਵਾਜ਼ ਦਿੱਤੀ:-
"ਮੇਰਾ ਦੁੱਧ”
ਹਾਂ ਜੀ ! ਹੁਣ ਸਿਖ ਦੀ ਹੋਸ਼ ਪਰਤੀ, ਸਿਖ ਨੇ ਨੈਣ ਖੁਹਲੇ। ਸੇਲ੍ਹੀਆਂ ਵਾਲੇ ਦੀ ਗੋਦ ਵਿਚ ਸਿਰ ਸੱਟਿਆ ਸੀ ਚੁੱਕਿਆ ਤਾਂ ਕਲਗੀਆਂ ਵਾਲੇ ਦੀ ਗੋਦ ਵਿਚ। ਉਹ ਅਨੂਪਮ ਚਿਹਰਾ ਜੋ ਸੇਲ੍ਹੀਆਂ ਨਾਲ ਮੋਹਦਾ ਸੀ, ਹੁਣ ਕਲਗੀਆਂ ਨਾਲ ਮਨ ਭਰਦਾ ਹੈ। ਧੰਨ ਤੇਰੇ ਚੋਜ ਹਨ ਤੇਰੇ ਰੰਗ ਅਪਾਰ ਹਨ, ਰੂਪ ਸਾਰੇ ਤੇਰੇ ਹਨ, ਉਮਰਾਂ ਸਭ ਤੇਰੀਆਂ ਹਨ। ਹੇ
––––––––––––
* ਸਤਿਗੁਰ ਨਾਨਕ ਦੇਉ ਹੈ ਪਰਮੇਸਰੁ ਸੋਈ॥ ਗੁਰੁ ਅੰਗਦ ਗੁਰੂ ਅੰਗ ਤੇ ਜੋਤੀ ਜੋਤ ਸਮੋਈ॥ ਅਮਰਾਪਦ ਗੁਰੁ ਅੰਗਦਹੁ ਹੋਇ ਜਾਣ ਜਣੋਈ॥ ਗੁਰੂ ਅਮਰਹੁ ਗੁਰ ਰਾਮਦਾਸ ਅੰਮ੍ਰਿਤ ਰਸੁ ਭੋਈ॥ ਰਾਮਦਾਸਹੁ ਅਰਜੁਨ ਗੁਰੂ ਗੁਰ ਸਬਦ ਸਥੇਈ॥ ਹਰਿਗੋਵਿੰਦ ਗੁਰ ਅਰਜਨਹੁ ਗੁਰੁਗੋਵਿੰਦ ਹੋਈ॥ ਗੁਰਮੁਖ ਸੁਖ ਫਲ ਪਿਰਮ ਰਸੁ ਸਤਿਸੰਗ ਅਲੋਈ॥ ਗੁਰੁਗੋਬਿੰਦਹੁ ਬਾਹਿਰਾ ਦੂਜਾ ਨਾਹੀ ਕੋਈ॥੨੦॥ (ਵਾਰ ਭਾ: ਗੁ: ੩੮)
ਸ੍ਰੀ ਨਾਨਕ ਅੰਗਦ ਕਰਿ ਮਾਨਾ॥ ਅੰਗਦ ਅਮਰਦਾਸ ਪਹਿਚਾਨਾ॥ ਅਮਰਦਾਸ ਰਾਮਦਾਸ ਕਹਾਯੋ॥ ਸਾਧਨ ਲਖਾ ਮੁਝ ਨਹਿ ਪਾਯੋ॥੯॥ ਭਿੰਨ ਭਿੰਨ ਸਭਹੂੰ ਕਰਿ ਜਾਨਾ॥ ਏਕ ਰੂਪ ਕਿਨਹੂੰ ਪਹਿਚਾਨਾ॥ ਜਿਨ ਜਾਨਾ ਤਿਨਹੀ ਸਿਧਿ ਪਾਈ॥ ਬਿਨ ਸਮਝੇ ਸਿਧ ਹਾਥ ਨ ਆਈ॥੧੦॥ (ਬਚਿਤ੍ਰ ਨਾਟਕ)