ਇਸ ਪ੍ਰੇਮ ਮੂਰਤਿ ਦੇ ਸਦਕੇ, ਇਸ ਪ੍ਰੀਤ ਦਰਸ਼ਨ ਦੇ ਸਦਕੇ! ਹਾਂ ਕੋਈ ਇਕ ਬੂੰਦ ਦੀ ਬੂੰਦ, ਕੋਈ ਨਿਕੜੀ ਜੇਹੀ ਅੰਮ੍ਰਿਤ ਬੂੰਦ ਸੁਹਾਵਣੀ ਅਸਾਂ ਅਝਾਣਿਆਂ ਨੂੰ ਬੀ ਦਾਨ ਹੋ ਜਾਏ, ਤੇਰੇ ਦਰ ਦੇ ਸੁਆਲੀ ਹਾਂ, ਦੇਹ ਇਕ ਬੂੰਦ ਇਸ ਪਿਆਰ ਭਰੇ ਛੰਨੇ ਵਿਚੋਂ ਪ੍ਰੇਮ ਪਿਆਲੇ ਵਿਚੋਂ ਇਕ ਬੂੰਦ ਦਾਤ ਮਿਲ ਜਾਏ, ਮੰਗਤੇ ਨੂੰ ਖੈਰ ਪੈ ਜਾਏ, ਗੁਸਤਾਖ ਮੰਗਤੇ ਹਾਂ, ਤੇਰੇ ਪ੍ਰੇਮ ਰੰਗ ਦੇ ਬੱਝੇ ਨਕਸ਼ੇ ਵਿਚ ਮੰਗ ਦੀ ਅਵਾਜ਼ ਕੰਨੀ ਪਾ ਰਹੇ ਹਾਂ, ਮੂਰਖ ਭਿਖਾਰੀ ਹਾਂ, ਪਰ ਦਾਤਾ ਸਾਲੀ ਕੀ ਤੇ ਅਕਲਾਂ ਕੀ? ਹਾਂ ਦਾਤਾ! ਪਾ ਦੇਹ ਖ਼ੈਰ, ਸਦਕੇ ਬਿਰਦ ਬਾਣੇ ਦੇ, ਦੇਹ ਦਾਤ, ਤੇਰਾ ਪ੍ਰੇਮ ਰਾਜ ਜੁਗ ਜੁਗ ਸਲਾਮਤ ਰਹੇ, ਦੇਹ ਇਕ ਤੁਪਕਾ ਅਸਾਂ ਨੂੰ ਬੀ ਦੇਹ, ਹਾਂ।
ਬੂੰਦ
ਦੇਹ ਇਕ ਬੂੰਦ ਸੁਰਾਹੀਓਂ ਸਾਨੂੰ
ਇੱਕੋ ਹੀ ਦੇਹ ਸਾਂਈਂ!
ਅੱਧੀ, ਅੱਧ-ਪਚੱਧੀ ਦੇ ਦੇ
ਨਿੱਕੀ ਹੋਰ ਗੁਸਾਈਂ!
ਇੱਕ ਵੇਰ ਇੱਕ ਕਣੀ ਦਿਵਾ ਦੇਹ,
ਸੂਫੀ ਅਸੀਂ ਨ ਰਹੀਏ!
ਇੱਕ ਵੇਰ ਦਰ ਖਲਿਆਂ ਤਾਂਈਂ,
ਸਾਂਈ! ਸ੍ਵਾਦ ਚਖਾਈਂ।
–––––––––––
* ਮਤਵਾਲੇ ਅਮਲੀ ਹੁਏ ਪੀ ਪੀ ਚੜ੍ਹੇ ਸਹਿਜ ਘਰ ਜਾਏ।
ਸੂਫੀ ਮਾਰਨ ਟੱਕਰਾਂ ਪੂਜ ਨਿਵਾਜੇ ਸੀਸ ਨਿਵਾਏ॥੮॥ ਵਾ:ਭਾ:ਗੁ:੩੯