

ਪਹਿਲੀ ਵਾਰ-ਵਸਤੂ ਸਮੱਗਰੀ
ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਜੋ ਆਕਾਰ ਪੱਖੋਂ (49 ਪਉੜੀਆਂ) ਬਾਕੀ ਸਭ ਵਾਰਾਂ ਨਾਲੋਂ ਵਡੇਰੀ ਹੈ, ਨੂੰ ਭਾਈ ਮਨੀ ਸਿੰਘ ਨੇ 'ਗਿਆਨ ਰਤਨਾਵਲੀ' ਦਾ ਨਾਂ ਦਿੱਤਾ ਹੈ ਜੋ ਇਸ ਵਾਰ ਦਾ ਇੱਕ ਟੀਕਾ ਹੀ ਹੈ। ਕਈ ਵਿਦਵਾਨ ਇਸ ਵਾਰ ਨੂੰ ਗੁਰੂ ਨਾਨਕ ਦੇਵ ਜੀ ਦੀ ਕਾਵਿ ਰੂਪ ਵਿਚ ਲਿਖੀ ਜਨਮ ਸਾਖੀ ਵੀ ਕਹਿੰਦੇ ਹਨ ਕਿਉਂਕਿ ਇਸ ਵਾਰ ਦੇ ਨਾਇੱਕ ਧੰਨ ਗੁਰੂ ਨਾਨਕ ਦੇਵ ਜੀ ਦੀ ਰੂਹਾਨੀ ਸ਼ਖ਼ਸੀਅਤ ਹੀ ਹਨ। ਪਹਿਲੀ ਪਉੜੀ ਤੋਂ 22ਵੀਂ ਪਉੜੀ ਤਕ ਗੁਰੂ ਨਾਨਕ ਦੇਵ ਜੀ ਦੇ ਆਗਮਨ ਲਈ ਭੂਮੀ ਤਿਆਰ ਕੀਤੀ ਗਈ ਹੈ। ਗੁਰੂ ਨਾਨਕ ਦੇਵ ਜੀ ਦੀ ਜਗਤ ਵਿਚ ਆਉਣ ਦੀ ਕਿਉਂ ਲੋੜ ਪਈ ਕਿਹੋ ਜਿਹੇ ਹਾਲਾਤ ਬਣ ਚੁੱਕੇ ਸਨ, ਇਸ ਸਭ ਦਾ ਜੁਆਬ ਦੇਣ ਲਈ ਭਾਈ ਸਾਹਿਬ ਨੇ ਗੁਰੂ ਆਗਮਨ ਤੋਂ ਪਹਿਲਾਂ ਦੀ ਸਮਾਜਿਕ, ਰਾਜਨੀਤਕ, ਧਾਰਮਿਕ ਅਤੇ ਨੈਤਿਕ, ਸਦਾਚਾਰਕ ਸਥਿਤੀ ਵਿਵੇਕ ਰਾਹੀਂ ਬਿਆਨ ਕੀਤੀ ਹੈ। ਮੰਗਲਾਚਰਣ ਤੋਂ ਬਾਅਦ ਸ੍ਰਿਸ਼ਟੀ ਰਚਨਾ ਦਾ ਪੜਾਅ ਵਾਰ ਦ੍ਰਿਸ਼, ਚਾਰ ਜੁੱਗਾਂ (ਸਤਿਯੁਗ, ਤ੍ਰੇਤਾ, ਦੁਆਪਰ, ਕਲਿਯੁਗ) ਦੀ ਵਿਸ਼ੇਸ਼ਤਾ ਛੇ ਸ਼ਾਸਤਰਾਂ (ਖਟ ਦਰਸ਼ਨ) ਦੇ ਦਰਸ਼ਨਾਂ ਦਾ ਵਿਸ਼ਲੇਸ਼ਣ, ਬੁੱਧ, ਜੈਨ ਅਤੇ ਇਸਲਾਮ ਮਤ ਦੇ ਦ੍ਰਿਸ਼ ਹਨ।
ਫਿਰ 23ਵੀਂ ਪਉੜੀ ਤੋਂ 44ਵੀਂ ਪਉੜੀ ਤਕ ਗੁਰੂ ਨਾਨਕ ਦੇਵ ਜੀ ਨਾਲ ਵਾਪਰਦੀਆਂ ਪ੍ਰਮੁੱਖ ਘਟਨਾਵਾਂ ਜਿਵੇਂ ਉਦਾਸੀਆਂ (ਯਾਤਰਾਵਾਂ) ਅਤੇ ਦੋ ਫੇਰੀਆਂ (ਅਚਲ ਵਟਾਲੇ ਅਤੇ ਮੁਲਤਾਨ ਦੀ ਫੇਰੀ) ਦਾ ਵਰਣਨ ਹੈ। ਇਨ੍ਹਾਂ ਪਉੜੀਆਂ ਵਿਚ ਵਾਰ ਦੇ ਨਾਇੱਕ ਧੰਨ ਗੁਰੂ ਨਾਨਕ ਦੇਵ ਜੀ ਵਿਰੋਧੀਆਂ ਨੂੰ ਸ਼ਬਦ-ਸ਼ਕਤੀ ਰਾਹੀਂ ਪਛਾੜਦੇ ਦਿਖਾਏ ਗਏ ਹਨ ਤੇ ਅੰਤ ਨੂੰ ਇੱਕ ਧਾਰਮਿਕ ਵਿਜਈ ਸੂਰਮੇ ਵਜੋਂ ਉਭਰਦੇ ਹਨ। ਉਹ ਹਰ ਧਾਰਮਿਕ ਕੱਟੜਤਾ, ਫੋਕਟ ਕਰਮ ਕਾਂਡਾਂ, ਨੈਤਿਕ ਗਿਲਾਨੀ ਅਤੇ ਸੰਸਾਰਕ ਫਰਜ਼ਾਂ ਤੋਂ ਭੱਜੇ ਪਾਖੰਡੀਆਂ ਨੂੰ ਸ਼ਬਦ ਸ਼ਕਤੀ (ਸਬਦਿ ਜਿਤੀ ਸਿਧਿ ਮੰਡਲੀ ਕੀਤੋਸੁ ਅਪਣਾ ਪੰਥ ਨਿਰਾਲਾ) ਨਾਲ ਪ੍ਰਾਜਿੱਤ ਕਰਦੇ ਹਨ। ਪ੍ਰੋ. ਰਾਮ ਸਿੰਘ ਇਨ੍ਹਾਂ ਪਉੜੀਆਂ ਦੇ ਦ੍ਰਿਸ਼ ਅਧਿਅਨ ਪਿਛੋਂ ਕਹਿੰਦੇ ਹਨ ਕਿ "ਸੰਸਾਰ ਦੇ ਇਸ ਡਰਾਮੇ ਵਿਚ ਜਿਸ ਮੌਕੇ 'ਤੇ ਲੋਕਾਂ ਦੇ ਜੀਵਨ ਦੀਆਂ ਗੁੰਝਲਾਂ ਸਿਖਰ 'ਤੇ ਪੁੱਜ ਜਾਂਦੀਆਂ ਹਨ, ਉਦੋਂ ਗੁਰੂ ਨਾਨਕ ਉਨ੍ਹਾਂ ਦੇ ਬੰਦੀ ਛੋੜ ਦੇ ਰੂਪ ਵਿਚ ਪ੍ਰਗਟ ਹੁੰਦੇ ਹਨ।” (ਭਾਈ ਗੁਰਦਾਸ : ਜੀਵਨ ਤੇ ਰਚਨਾ, ਭਾਸ਼ਾ ਵਿਭਾਗ ਪੰਜਾਬ, ਪੰਨਾ 29) ਗੁਰੂ ਨਾਨਕ ਦਾ ਅਵਤਾਰ ਸੰਸਾਰ ਦੇ ਇਤਿਹਾਸ ਵਿਚ ਇੱਕ ਮਹਾਨ ਘਟਨਾ ਹੈ ਜਿਸ ਬਗੈਰ ਸੰਸਾਰ ਸਟੇਜ 'ਤੇ ਪਲੋ ਪਲੀ ਵਧ ਰਹੀਆਂ ਗੁੰਝਲਾਂ ਦੇ ਸੁਲਝਣ ਦੀ ਕੋਈ ਆਸ ਨਹੀਂ।