ਡਿੱਗਾ ਗਿੜ ਓ ਗੜਾਇ, ਡਿਗਦਾ ਓ ਡਿਗਦਾ ਮਿਰਗ ਇਉਂ ਬੋਲਦਾ:
ਮ੍ਰਿਗ–– ਰਾਣੀ ਮੈਤ੍ਰ ਪੜ੍ਹਾਇ, ਰੰਡੀ ਕਰੀ ਰਾਜਿਆ ਡਾਰ ਤੂੰ।
ਸੁਣ ਵੇ ਰਾਜਿਆ ਬਾਤ, ਸਿੰਗ ਦੋਵੇਂ ਮੇਰੇ ਦੇ ਨਾਥ ਨੂੰ,
ਦਰ ਦਰ ਅਲਖ ਜਗਾਇ; ਪੇਸ਼ ਦੇਣਾ ਨੰਗੇ ਓ ਸਾਧ ਨੂੰ
ਬਹੇਗਾ ਆਸਣ ਲਗਾਇ। ਖੂੰਡੀਆਂ' ਦਈਂ ਗਾਜ਼ੀ ਓ ਮਰਦ ਨੂੰ,
ਮਦਾਨੋਂ ਆਵੇ ਨ ਹਾਰ, ਨੈਣ ਦੇਈਂ ਰਾਣੀ ਓ ਪਿੰਗਲਾਂ,
ਜਿਸਨੇ ਘੋਲਿਆ ਸ਼ਿਕਾਰ, ਮਾਇਆ ਦਿੱਤੀ ਰਾਜਿਆ ਸ਼ੂਮ ਨੂੰ,
ਨਾ ਵੇ ਖਰਚੇ ਨ ਖਾਇ। ਐਨੇ ਬਚਨ ਮਿਰਗ ਓ ਬੋਲਕੇ
ਜਾਵੇ ਸੁਰਗ ਸਮਾਇ, ਬੋਲੇ ਹਰਨੀ ਰਾਜਿਆ, ਕੀ ਕਹੇ :-
ਹਰਨੀ— ਸੁਣ ਵੇ ਰਾਜਿਆ ਬਾਤ! ਸਦਾ ਨ ਮੰਮਟ ਓਇ ਮਾੜੀਆਂ।
ਸਦਾ ਨ ਬਾਗੋ ਬਹਾਰ, ਜੈਸੀ ਰੰਡੀ ਨੂੰ ਮੈਨੂੰ ਕਰ ਗਿਓਂ,
ਬਹਿ ਜਾਇ ਘਰ ਦੀ ਤੌਂ ਨਾਰ, ਅਜਬ ਤਮਾਸ਼ਾ ਤੂੰ ਏ ਦੇਖਣਾ।
੭. ਲੈਕੇ ਹੀਰਾ ਸ਼ਿਕਾਰ, ਰਾਜਾ ਘਰਾਂ ਨੂੰ ਤਦੋਂ ਟੁਰ ਪਿਆ।
ਰੋਂਦੀ ਛੱਡੀ ਓ ਡਾਰ, ਰਸਤੇ ਤਮਾਸ਼ਾ ਅਜਬ ਉਸ ਡਿੱਠਾ।
ਸੋਉਤੀ ਹੁੰਦੀ ਸੀ ਨਾਰ, ਚੜ੍ਹਦੀ ਚਿਖਾ ਨਾਲ ਸੀ ਕੰਤ ਦੀ।
ਸੇਉਤੀ ਹੁੰਦੀ ਏ ਨਾਰ, ਵੇਖ ਤਮਾਸਾ ਰਾਜਾ ਤੁਰ ਪਿਆ।
ਆਇਆ ਰਾਣੀ ਦੇ ਪਾਸ। ਐ ਲੈ ਰਾਣੀ ਮਿਰਗ ਮੈਂ ਮਾਰਿਆ।
ਆਂਦਾ ਤੇਰੇ ਹੈ ਪਾਸ। ਬੋਲੇ ਰਾਣੀ ਰਾਜਿਆ ਕੀ ਕਹੇ :-
ਰਾਣੀ- ਤੂੰ ਭਰਤਾ ਵੇ ਮੈਂ ਨਾਰ, ਚੰਗਾ ਕੀਤਾ ਮਿਰਗ ਵੇ ਮਾਰਿਆ।
ਰੱਖੀ ਮੇਰੀ ਊ ਲਾਜ, ਸਦਕੇ ਤੇਰੇ ਰਾਜਿਆ, ਪਿੰਗਲਾਂ।
ਰਾਜਾ- ਸੁਣ ਲੈ ਰਾਣੀਏਂ ਬਾਤ, ਅਜਬ ਤਮਾਸ਼ਾ ਮੈਂ ਅੱਜ ਡਿੱਠਾ।
ਸੇਉਤੀ ਵੇਖੀ ਹੈ ਨਾਰ, ਸੜਦੀ ਚਿਖਾ ਆਪਣੇ ਕੰਤ ਦੀ।
––––––––––––
੧. ਸੁੰਮ। २. ਸਤੀ।