ਇਹੋ ਕਥਾ ਕੁਛ ਵੱਧ ਘੱਟ ਪੰਡਤਾਂ, ਟੀਕਾਕਾਰਾਂ, ਇਤਿਹਾਸ-ਕਾਰਾਂ ਤੇ ਖੋਜਕਾਂ ਨੇ ਦਿੱਤੀ ਹੈ, ਆਮ ਲੋਕਾਂ ਵਿਚ ਤੇ ਕਿਸੇ ਨ ਕਿਸੇ ਸ਼ਕਲੇ ਮੂੰਹ ਚੜ੍ਹੀਆਂ ਕਥਾਵਾਂ ਵਿੱਚ ਬੀ ਇਹੋ ਹੀ ਹੈ।
ਅ. ਵੈਰਾਗ ਦੀ ਤੀਬ੍ਰਤਾ
ਕਹਿੰਦੇ ਹਨ ਕਿ ਜਦੋਂ ਭਰਥਰੀ ਘਰੋਂ ਟੁਰਿਆ ਨਾਲ ਪਿਆਲਾ ਤੇ ਸਿਰ੍ਹਾਣਾ ਲੈ ਟੁਰਿਆ। ਇਕ ਥਾਂ ਜੰਗਲ ਵਿਚ ਇਕ ਮਜ਼ਦੂਰ ਡਿੱਠਾ ਜੋ ਇਕ ਵੱਟ ਤੇ (ਯਾ ਆਪਣੀ ਬਾਂਹ ਤੋਂ) ਸਿਰ ਰੱਖਕੇ ਸੁੱਤਾ ਪਿਆ ਸੀ, ਇੱਥੋਂ ਭਰਥਰੀ ਨੂੰ ਆਪਣੇ ਸਿਰਹਾਣੇ ਨਾਲ ਬੀ ਵੈਰਾਗ ਹੋ ਗਿਆ ਤੇ ਓਹ ਸੱਟ ਪਾਇਆ। ਇਕ ਦਿਨ ਨਦੀ ਕਿਨਾਰੇ ਇਕ ਗ੍ਰੀਬ ਬੁੱਕਾਂ ਨਾਲ ਪਾਣੀ ਪੀ ਰਿਹਾ ਸੀ, ਉਸ ਨੂੰ ਤੱਕਕੇ ਭਰਥਰੀ ਨੇ ਆਪਣੇ ਪਿਆਲੇ ਨਾਲ ਥੀ ਨੇਹੁੰ ਤੋੜ ਲਿਆ।
ਭਰਥਰੀ ਹਰੀ ਦੇ ਵੈਰਾਗ ਦੀ ਅਵਧੀ ਲਈ ਕਿਹਾ ਹੋਰ ਕਥਾ ਭੀ ਕਰਦੇ ਹਨ। ਸਿਰਹਾਣੇ ਤੇ ਪਿਆਲ ਨਾਲ ਨੇਹੂੰ ਤੋੜਕੇ ਇਕ ਦਿਨ ਆਪ ਕਿਸੇ ਖੇਤ ਦੀ ਵੱਟ ਉਤੇ ਸਿਰ ਧਰਕੇ ਅੱਖਾਂ ਮੀਟੀ ਪਏ ਸਨ ਕਿ ਇਕ ਤੀਮੀਆਂ ਦਾ ਤ੍ਰਿੰਞਣ ਲੰਘਿਆ, ਇਨ੍ਹਾਂ ਵਿਚ ਕੁਛ ਵੈਰਾਗ ਉੱਤੇ ਚਰਚਾ ਹੋ ਰਹੀ ਸੀ। ਇਸ ਵੇਲੇ ਇਕ ਮੁਟਿਆਰ ਜੋ ਸਮਝਦਾਰ ਸੀ, ਬੋਲੀ : 'ਵੈਰਾਗ ਇਸ ਗਲ ਦਾ ਨਾਮ ਤਾਂ ਨਹੀਂ ਕਿ ਆਦਮੀ ਸੁਖਾਂ ਦੀ ਲਾਲਸਾ ਰੱਖੇ ਤੇ ਸੁਖਾਂ ਦੇ ਸਮਾਨ ਛਡ ਦੇਵੇ, ਜਿਸ ਤਰ੍ਹਾਂ ਔਹ ਵੇਖੋ ਭਰਥਰੀ ਹਰੀ ਪਿਆ ਹੈ। ਰਾਜ ਛਡ ਆਯਾ ਜੇ, ਸਿਰਹਾਣਾ ਸੱਟ ਪਾਯਾ ਸੂ, ਤੇ ਸੁਖ ਦੀ ਲਾਲਸਾ ਅਜੇ ਨਹੀਂ ਮਿਟੀ, ਸਿਰ ਉਚੇਰਾ ਰਖਣ ਲਈ ਵੱਟ ਹੀ ਸਿਰਹਾਣਾ ਬਣਾ ਲਿਆ ਸੂ'। ਇਹ ਨੁਕਤਾਚੀਨੀ ਸੁਣਕੇ ਭਰਥਰੀ ਜੀ ਨੇ ਅੱਗੋਂ ਨੂੰ ਚੁਫਾਲ ਹੀ ਸੱਥਰ ਸੌਣਾ ਧਾਰਨ ਕਰ ਲਿਆ। "ਵੈਰਾਗ ਸ਼ੱਤਕ ਵਿਚ ਭਰਥਰੀ ਜੀ ਨੇ ਜ਼ਮੀਨ ਨੂੰ ਸਿਹਜਾ ਬਣਾਕੇ ਚਾਂਦਨੀ ਵਿਚ ਨਿਸ਼ਚਿੰਤ ਸੌਣ ਦੀ ਅਭਿਲਾਖਾ ਆਪ ਬੀ ਕਹੀ ਹੈ।
–––––––––––––
* ਇਸ ਕਿਸਮ ਦੇ ਵੈਰਾਗ ਦੀਆਂ ਕਹਾਣੀਆਂ ਲੋਕ ਹੋਰਨਾਂ ਵੈਰਾਗਵਾਨਾਂ ਦੇ ਨਾਮ ਨਾਲ ਬੀ ਸੁਣਾਉਂਦੇ ਹਨ।