

੬. ਭੇਂ ਤੋੜਿਆਂ ਸੂਤ ਦੀ ਤਾਰ ਨਿਕਲੇ,
ਹਾਥੀ ਤਾਰ ਉਸ ਨਾਲ ਬਨ੍ਹਾਂਵਦਾ ਜੇ,
ਸ੍ਰੀਂਹ ਦੇ ਫੁੱਲ ਦੀ ਪੰਖੜੀ ਵਾਂਗ ਸੂਈ,
ਹੀਰਾ ਨਾਲ ਉਸ ਸੂਈ ਵਿਨ੍ਹਾਂਵਦਾ ਜੇ,
ਪਾਕੇ ਮਾਖਿਓ ਦੀ ਇਕ ਬੂੰਦ ਮਿੱਠੀ,
ਖਾਰਾ ਸਾਗਰ ਉਹ ਮਿੱਠਾ ਕਹਾਂਵਦਾ ਜੇ,
ਜਿਹੜਾ ਵਾਕ ਮਿਠੇ ਨਾਲ ਮੂਰਖਾਂ ਨੂੰ,
ਸਤਿ ਮਾਰਗ ਤੇ ਲ੍ਯਾਵਣਾ ਚਾਂਹਵਦਾ ਜੇ!
੭. ਮੂੰਹੋਂ ਨਿਕਲਿਆ ਵੱਸ ਤੋਂ ਬਾਹਰ ਹੋਇਆ,
ਚੁਪ ਰਹਿਣ ਹੈ ਆਪ ਦੇ ਵੱਸ ਅੰਦਰ।
ਚੁੱਪ ਵਿਚ ਅਨੇਕ ਹੀ ਲਾਭ ਹੁੰਦੇ,
ਚੁੱਪ ਜਾਣੀਓਂ ਗੁਣਾਂ ਦਾ ਉੱਚ ਮੰਦਰ।
ਕੱਜਣ ਚੁੱਪ ਬਣਾਇਆ ਅਗਿਆਨਤਾ ਦਾ,
ਮੂਰਖ ਮੱਤ ਦੇ ਲੁਕਣ ਨੂੰ ਰਚੀ ਕੰਦਰ।
ਗ੍ਯਾਨ-ਵਾਨਾਂ ਦੀ ਸਭਾ ਵਿਚ ਮੂਰਖਾਂ ਦਾ,
ਇਕ ਚੁਪ ਭੂਸ਼ਣ, ਇੱਕੋ ਚੁੱਪ ਸੰਦਰ।
੮. ਅਲਪ ਗ੍ਯਾਨ ਪਾਕੇ ਨੈਣ ਅੰਧ ਹੋਏ,
ਨਜ਼ਰ ਹੇਠ ਨਾ ਕਿਸੇ ਨੂੰ ਲ੍ਯਾਂਵਦਾ ਸਾਂ।
ਅਪਣਾ ਆਪ ਸਰਬੱਗ ਦਿਸੀਵਦਾ ਸੀ,
ਫੁਲਿਆ ਵਾਂਙ ਹਾਥੀ ਨਹੀਂ ਮਾਂਵਦਾਂ ਸਾਂ।
ਐਪਰ ਗੁਣੀਆਂ ਦੇ ਸੰਗ ਜਦ ਗ੍ਯਾਨ ਆਯਾ,
ਆਪੇ ਆਪ ਨੂੰ ਮੂਰਖ ਦਿਸ ਆਂਵਦਾ ਸਾਂ।
ਮਦ ਗਰਬ ਦਾ ਉਤਰਿਆ ਤਾਪ ਵਾਂਗੂੰ,
ਠੰਢ ਕਾਲਜੇ ਦੇ ਵਿਚ ਪਾਂਵਦਾ ਸਾਂ।