

ਭਾਵੇਂ ਆਪ ਸਿਰ ਮਾਤ੍ਰ ਰਹਿ ਜਾਂਵਦਾ ਹੈ,
'ਰਾਹੂ ਦੈਂਤ ਰਾਜਾ' ਰੁਪ ਫੇਰਦਾ ਹੈ।
ਪੂਰਣ ਤੇਜ ਵਾਲੇ ਸੂਰਜ ਚੰਦ ਤਾਈਂ,
ਦੇਖੋ ਸੱਜਣੋ! ਜਾਇਕੇ ਘੇਰਦਾ ਹੈ।
੩੫. ਚੋਦਾਂ ਭਵਨ ਨੂੰ ਸ਼ੇਸ਼ ਫਣ ਚੁੱਕਿਆ ਹੈ,
ਏਸ ਸੇਸ ਨੂੰ ਕੱਛਪ ਨੇ ਧਾਰਿਆ ਹੈ,
ਐਪਰ ਸਾਗਰ ਨੇ ਤੁੱਛ ਗਲ ਜਾਣਕੇ ਤੇ,
ਕਛੂ ਆਪਣੀ ਗੋਦ ਟਿਕਾਰਿਆ ਹੈ।
ਇਸਤੋਂ ਸਮਝ ਏ ਸਾਫ ਪਯਾ ਆਂਵਦਾ ਹੈ,
ਮਹਾਂ ਜਨਾਂ ਦਾ ਵਡਾ ਬਲਕਾਰਿਆ ਹੈ।
ਅੰਤ ਨਹੀਂ ਸਮਰੱਥ ਮਹਾਂ ਪੁਰਖ ਜੀ ਦਾ
ਬਲ ਤੇਜ ਜੌ ਉਨ੍ਹਾਂ ਸੰਭਾਰਿਆ ਹੈ।
੩੬. ਮਦ ਭਰੇ ਉਸ ਇੰਦ੍ਰ ਦੇ ਬੱਜ੍ਰ ਕੋਲੋਂ,
ਬਲਦੀ ਅੱਗ ਦਾ ਮੀਂਹ ਜਿਉਂ ਆਇਆ ਹੈ।
ਅਪਣੇ ਪਿਤਾ 'ਹਿਮਾਚਲ ਨੂੰ ਤੜਫਦੇ ਹੀ,
ਕੱਲਿਆਂ ਛੱਡ 'ਮੈਨਾਕ' ਉਠ ਧਾਇਆ ਹੈ।
ਤਦੋਂ ਵਿਚ ਸਮੁੰਦਰ ਦੇ ਮਾਰ ਟੁੱਭੀ,
ਖੰਭਾਂ ਤਾਈਂ 'ਮੈਨਾਕ' ਬਚਾਇਆ ਹੈ;
ਇਸਤੋਂ ਭਲਾ ਸੀ ਖੰਭ ਤੁੜਵਾ ਲੈਂਦਾ,
ਬਲਦੇ ਬੱਜ੍ਰ ਤੋਂ ਭੱਜਣ ਕਿਉਂ ਭਾਇਆ ਹੈ?