

ਦੋਲਤ
੩੯. ਜਾਤ ਰਸਾਤਲ ਜਾ ਪਵੇ, ਢੱਠੇ ਖੂਹ ਗੁਣ ਜਾਨ,
ਸੰਤਿ ਧਰਮ ਢੈ ਪਰਬਤੋਂ ਮੇਟੇ ਨਾਮ ਨਿਸ਼ਾਨ।
ਸੂਰਮਤਾ ਨੂੰ ਚਿਖੜ ਦੇ ਬੱਜਰ ਉਤੋਂ ਆਨ,
ਸਾਨੂੰ ਪਰ ਇਕ ਚਾਹੀਏ ਦੌਲਤ ਦੌਲਤ ਖਾਨ।
ਗੁਣ ਦਾ ਕੋਈ ਮੁੱਲ ਨਾ ਤੀਲੇ ਘਾਸ ਸਮਾਨ,
ਦੋਲਤ ਹੋਇਆਂ ਜਾਤ ਗੁਣ ਸਭ ਦਾ ਹੁੰਦਾ ਮਾਨ।
੪੦. ਓਹੋ ਅੰਗ, ਸ਼ਰੀਰ ਹੈ ਉਹੋ ਤੇਰਾ,
ਕੰਮ, ਚੇਸ਼ਟਾ ਕਾਰ ਹਨ ਉਹੋ ਤੇਰੇ।
ਤਿੱਖੀ ਅਕਲ ਭੀ ਉਹੋ ਹੀ ਪਾਸ ਤੇਰੇ,
ਮਿੱਠੇ ਬਚਨ ਰਸਾਲ ਭੀ ਉਹੋ ਤੇਰੇ।
ਇਕ ਦੌਲਤ ਦੀ ਨਿੱਘ ਦੇ ਘਟਦਿਆਂ ਹੀ
ਤੋਰ ਹੋਰ ਹੋ ਗਏ ਨੀ ਉਹੋ ਤੇਰੇ।
ਹੈ ਅਚਰਜ ਏ ਬਦਲਨਾ ਆਦਮੀ ਦਾ,
ਜਦੋਂ ਦੋਲਤ ਹੈ ਆਣਕੇ ਅੱਖ ਫੇਰੇ॥
੪੧. ਦੌਲਤ ਜਿਸਦੇ ਪਾਸ ਉਹ
ਪੰਡਤ ਗੁਣੀ ਕੁਲੀਨ।
ਵਕਤਾ ਦਰਸ਼ਨ ਯੋਗ ਉਹ,
ਸਭ ਗੁਣ ਸ੍ਵਰਨ ਅਧੀਨ॥