

ਇਸ ਪਰ ਇਕ ਭੁੱਲ ਇਹ ਹੋ ਗਈ ਕਿ ਬੇਗ਼ਮ ਨੇ ਭਿਖਾਰੀ ਖਾਂ ਦਾ ਮਨਸਬ ਬਹੁਤ ਵਧਾਇਆ ਤੇ ਦਿਲੋਂ ਉਸ ਦੀ ਸੁੰਦਰ ਸ਼ਕਲ ਪਰ ਮਸਤ ਹੋ ਗਈ। ਭਾਵੇਂ ਇਕ ਵਾਰ ਸ਼ੀਲ ਕੌਰ ਦੇ ਕਹੇ ਟਲ ਗਈ ਸੀ। ਪਰ ਇਹ ਅੱਗ ਅੰਦਰ ਧੁਖਦੀ ਰਹੀ। ਇਸ ਅਮੀਰੀ ਦੇ ਠਾਠ ਵਿਚ ਜ਼ਹਿਰ ਦਾ ਬੀਜ ਪੁੰਗਰ ਕੇ ਬ੍ਰਿਛ ਹੋ ਗਿਆ ਅਰ ਫੁੱਲ ਪੈ ਕੇ ਇਹ ਫਲ ਲੱਗਾ ਕਿ ਬੇਗ਼ਮ ਨੇ ਇਕ ਦਿਨ ਪੂਰਨ ਦੀ ਮਾਤਾ ਵਾਂਗੂੰ ਅਕਲ ਦੇ ਕੋਟ ਵਜ਼ੀਰ ਨੂੰ ਮਹਿਲਾਂ ਵਿਚ ਸੱਦ ਕੇ ਪੱਲਿਓਂ ਫੜ ਲਿਆ। ਉਸ ਦੇ ਪਤੀ ਦੇ ਲੂਣ ਤੇ ਪਲੇ ਨੇਕ ਵਜ਼ੀਰ ਨੇ ਹੱਥ ਜੋੜੇ, ਪਰ ਵਿਅਰਥ। ਬੇਗ਼ਮ ਨੇ ਹੀਲੇ ਕੀਤੇ, ਵਾਸਤੇ ਪਾਏ, ਹੱਥ ਜੋੜੇ, ਲਾਲਚ ਦਿਖਾਯਾ, ਦਾਬੇ ਧੌਂਸੇ ਦਿੱਤੇ ਪਰ ਵਜ਼ੀਰ ਨੇ ਇਕ ਨਾ ਮੰਨੀ। ਹੁਕਮ ਮੋੜਨ ਨੂੰ ਬੇਗ਼ਮ ਨੇ ਬੜੀ ਆਪਣੀ ਹੱਤਕ ਸਮਝਿਆ। ਉਸ ਵੇਲੇ ਗੋਲੀਆਂ ਨੂੰ ਸੱਦ ਕੇ ਵਜ਼ੀਰ ਹਵਾਲੇ ਕੀਤਾ ਗਿਆ ਅਰ ਤੜਾ ਤੜ ਜੁੱਤੀਆਂ ਦੀ ਮਾਰ ਸ਼ੁਰੂ ਹੋ ਗਈ। ਵਿਚਾਰੇ ਦਾ ਜੁੱਤੀਆਂ ਨਾਲ ਸਿਰ ਖੁਲ੍ਹ ਗਿਆ, ਪਿੰਡੇ ਦੀ ਖੱਲ ਉੱਧੜ ਪਈ ਅਰ ਜਿੰਦ ਸਿਸਕ ਸਿਸਕ ਕੇ ਸੁਹਣੀ ਦੇਹ ਨੂੰ ਛੱਡ ਗਈ*। ਇਹ ਕਾਰਾ ਹੋਇਆ ਤਾਂ ਮਹਿਲ ਵਿਚ ਸੀ, ਪਰ ਇਸ ਨਕ ਜ਼ੁਲਮ ਦੀ ਖ਼ਬਰ ਦਰਬਾਰੀਆਂ ਤੀਕਰ ਪਹੁੰਚ ਗਈ, ਸਾਰੇ ਘਰ ਬੈਠ ਗਏ, ਦਰਬਾਰ ਵਿਚ ਆਉਣਾ ਛੱਡ ਦਿੱਤਾ, ਅਰ ਅੰਦਰੋਂ ਅੰਦਰ ਸਿੰਘਾਂ ਨੂੰ ਕਹਿ ਦਿੱਤਾ ਕਿ ਮਨ-ਭਾਉਂਦੀਆਂ ਮੌਜਾਂ ਕਰੋ, ਕੋਈ ਭੜੂਆ ਰੋਕਣ ਵਾਲਾ ਨਹੀਂ ਹੈ, ਓਧਰ ਮਤੇ ਏਹ ਮਤਾਏ ਕਿ ਸਾਰਾ ਹਾਲ ਦਿੱਲੀ ਲਿਖ ਘੱਲੀਏ।
ਬਾਹਰ ਤਾਂ ਬੇਗ਼ਮ ਦਾ ਇਹ ਸ਼ੁਕ੍ਰਿਤ ਨਾਵਾਂ ਘੁਲਿਆ ਤੇ ਅੰਦਰ ਉਸ ਨੂੰ ਸਹਾਰਾ ਦੇਣ ਵਾਲੀ ਸ਼ੀਲ ਕੌਰ ਨਾਲ ਵਿਗੜ ਗਈ। ਉਸ ਦਾ ਸਬੱਬ ਇਹ ਹੋਇਆ ਕਿ ਬਿਜੈ ਸਿੰਘ ਸੰਮਣ ਬੁਰਜ ਦੇ ਸੁੱਖਾਂ ਨੂੰ ਛੱਡ ਕੇ ਆਪਣੇ ਭਰਾਵਾਂ ਵਿਚ ਪਹੁੰਚਣਾ ਚਾਹੁੰਦਾ ਸੀ ਤੇ ਬੇਗ਼ਮ ਨੂੰ ਬਿਜੈ ਸਿੰਘ ਦਾ ਜਾਣਾ
–––––––––––
* ਤਵਾਰੀਖ ਖਾਲਸਾ ਤੇ ਪੰਥ ਪ੍ਰਕਾਸ਼ ਵਿਚ ਲਿਖਿਆ ਹੈ ਕਿ ਭਿਖਾਰੀ ਖਾਂ ਨਾਂਹ ਕਰਨ ਕਰਕੇ ਮਾਰਿਆ ਗਿਆ। ਕੈਪਟਨ ਕਨਿੰਘਮ ਨੋਟ ਵਿਚ ਲਿਖਦੇ ਹਨ ਕਿ ਭਿਖਾਰੀ ਖਾਂ ਬੇਗਮ ਨਾਲ ਬੁਰਾ ਸੰਬੰਧ ਰੱਖਦਾ ਸੀ। ਮੁਹੰਮਦ ਲਤੀਫ਼ ਨੇ ਲਿਖਿਆ ਹੈ ਕਿ ਭਿਖਾਰੀ ਖਾਂ ਨੇ ਬੇਗ਼ਮ ਨੂੰ ਉਹ ਨਾ-ਉਮੈਦੀ ਦਿੱਤੀ ਸੀ ਜੋ ਤੀਵੀਂ ਦੀ ਜਾਤ ਨੇ ਕਦੇ ਮੁਆਫ਼ ਨਹੀਂ ਕੀਤੀ।