

ਬੇਗਮ— ਤੁਸੀਂ ਮੈਨੂੰ ਐਸ ਵੇਲੇ ਵੇਖਕੇ ਹੈਰਾਨ ਹੋ ਗਏ ਹੋਵੋਗੇ, ਪਰ ਜਿੱਕੁਰ ਪਰਮੇਸ਼ੁਰ ਦੇ ਪਿਆਰ ਨੇ ਤੁਹਾਨੂੰ ਸੌਣ ਨਹੀਂ ਦਿੱਤਾ ਤਿਵੇਂ ਤੁਹਾਡੇ ਪਿਆਰ ਨੇ ਮੈਨੂੰ। ਹੁਣ ਇਕ ਅਰਜ ਸੁਣ ਲਵੋ! ਮੇਰੇ ਚਿਤ ਵਿਚ ਤੁਹਾਡਾ ਪਿਆਰ ਪੈ ਗਿਆ ਹੈ, ਮੈਂ ਸਾਰੇ ਓੜ੍ਹ ਪੋੜ੍ਹ ਉਸ ਨੂੰ ਕਢਣ ਦੇ ਕੀਤੇ, ਪਰ ਨਹੀਂ ਨਿਕਲਦਾ। ਹੁਣ ਕ੍ਰਿਪਾ ਕਰ ਕੇ ਆਪ ਮੇਰੇ ਨਾਲ ਵਿਆਹ ਕਰ ਲਵੇ, ਤੁਸੀਂ ਮੁਸਲਮਾਨ ਹੋ ਜਾਵੇ ਤਾਂ ਬੜੀ ਖ਼ੁਸ਼ੀ, ਨਹੀਂ ਤਾਂ ਐਵੇਂ ਹੀ ਰਹੋ, ਪਰ ਨਿਕਾਹ ਪੜ੍ਹਾ ਲਓ, ਨਿਕਾਹ ਪਰ ਜ਼ਰਾ ਲੁਕਵੀਂ ਰਹੇ ਗੱਲ।
ਸਿੰਘ ਜੀ- ਹੇ ਪ੍ਰਜਾ ਮਾਤਾ! ਦੂਰੰਦੇਸ਼ੀ ਤੋਂ ਕੰਮ ਲਵੋ। ਮੈਂ ਵਿਆਹਿਆ ਹੋਇਆ ਹਾਂ; ਆਪ ਨੂੰ ਮਲੂਮ ਹੈ। ਫੇਰ ਆਪ ਦੇ ਸਿਰ ਤੇ ਸਾਰੇ ਦੇਸ਼ ਦਾ ਬੰਦੋਬਸਤ ਹੈ; ਆਪ ਨੂੰ ਪ੍ਰਜਾ ਦੀ ਰੱਖ੍ਯਾ ਦਾ ਧਿਆਨ ਚਾਹੀਏ। ਦੇਸ਼ ਦਾ ਭਾਰ ਆਪ ਦੀ ਗਿੱਚੀ ਤੇ ਹੈ, ਇਸ ਦੇ ਨਿਬਾਹ ਲਈ ਭਲਿਆਈ ਤੇ ਪਰਮੇਸ਼ਰ ਦਾ ਭਾਉ ਚਾਹੀਦਾ ਹੈ। ਧਰਮ ਬੜੀ ਸ਼ੈ ਹੈ।
ਬੇਗ਼ਮ- ਸਿੰਘ ਜੀ! ਮੈਂ ਆਪਨੂੰ ਕੋਈ ਗੱਲ ਧਰਮ ਦੇ ਵਿਰੁੱਧ ਨਹੀਂ ਕਹੀ। ਮੈਂ ਤਾਂ ਵਿਆਹ ਵਾਸਤੇ ਕਿਹਾ ਹੈ। ਵਿਆਹ ਤਾਂ ਪਾਕ ਰਿਸ਼ਤਾ ਹੈ। ਸਿੰਘ ਜੀ- ਸੱਚ ਹੈ, ਵਿਆਹ ਕੇਵਲ ਮੰਦੀ ਵਾਸ਼ਨਾ ਵਾਸਤੇ ਨਹੀਂ ਹੁੰਦਾ, ਵਿਆਹ ਤਾਂ ਇਸ ਗੱਲ ਦਾ ਨਾਮ ਹੈ ਕਿ ਦੋ ਅਣਵਿਆਹੇ ਜੀਵ ਇਕ ਦੂਜੇ ਦੇ ਦੁਖ ਸੁਖ ਦੇ ਭਾਗੀ ਹੋ ਕੇ ਸੱਚੀ ਮਿਤ੍ਰਤਾ ਅਰ ਪ੍ਰੇਮ ਭਾਵਨਾ ਨਾਲ ਸੰਸਾਰ ਦਾ ਪੈਂਡਾ ਮੁਕਾਉਣ ਦਾ ਧਰਮ ਕਰਦੇ ਹਨ, ਪਰ ਮੈਂ ਤਾਂ ਅੱਗੇ ਵਿਆਹਿਆ ਹੋਇਆ ਹਾਂ। ਫੇਰ ਸੋਚੋ ਤਾਂ ਸਹੀ ਮੇਰੇ ਨਾਲ ਵਿਆਹ ਕਰਕੇ ਤੁਹਾਡਾ ਰਾਜ ਭਾਗ ਬਚ ਸਕਦਾ ਹੈ? ਮੁਸਲਮਾਨ ਮੈਂ ਹੋਣਾ ਨਹੀਂ ਭਾਵੇਂ ਜ਼ਿਮੀਂ ਅਸਮਾਨ ਟਲ ਜਾਏ। ਹੁਣ ਦੱਸੋ ਇਸ ਵਹਿਣ ਵਿਚੋਂ ਕੀ ਗੁਣ ਨਿਕਲੇਗਾ? ਮੇਰੇ ਕਹੇ ਲੱਗੋ ਤਾਂ ਤੁਸੀਂ ਕੁਰਾਨ ਦੇ ਅਰਥ ਸੁਣਿਆਂ ਕਰੋ, ਜੇ ਚਾਹੋ ਤਾਂ ਮੈਂ ਤੁਹਾਨੂੰ ਗੁਰੂ ਜੀ ਦੀ ਬਾਣੀ ਸੁਣਾਇਆ ਕਰਾਂ।
ਬੇਗ਼ਮ- ਰਾਜ ਭਾਗ ਦੀ ਪਰਵਾਹ ਨਹੀਂ, ਮੈਂ ਜੋ ਆਪ ਤੁਹਾਨੂੰ ਕਿਹਾ ਹੈ ਪ੍ਰੇਮ ਦੀ ਕੋਈ ਡੂੰਘਾਣ ਮੇਰੇ ਚਿੱਤ ਵਿਚ ਬੀ ਹੋਊ ਨਾ? ਜਿਸ ਨੇ ਮੈਨੂੰ ਐਤਨਾਂ ਹੌਸਲਾ ਦਿੱਤਾ ਹੈ, ਨਹੀਂ ਤਾਂ ਤ੍ਰਿਮਤ ਮਰ ਜਾਵੈ, ਪਰ ਵਿਆਹ ਲਈ। ਬੇਨਤੀ ਕਦੇ ਨਾ ਕਰੇ, ਪਾਕ ਮੁਹੱਬਤ ਤਾਂ ਧਰਮ ਹੈ।