

ਸ਼ੀਲਾ— ਹੱਛਾ ਜੋ ਕਰਤਾਰ ਨੂੰ ਭਾਵੇ। ਅਕਾਲ ਪੁਰਖ ਉਹਨਾਂ ਨੂੰ ਤੱਤੀ ਵਾ ਨਾ ਲੱਗਣ ਦੇਵੇ, ਮੈਂ ਤਾਂ ਉਹ ਜਾਣੇ ਸਦਕੇ ਕੀਤੀ ਉਹਨਾਂ ਦੇ ਚਰਨਾਂ ਉਤੋਂ।
ਗੋਲੀ- ਸਾਬਾਸ ਤੁਹਾਡੇ ਜਨਮ ਦੇ ਅਰ ਤੁਹਾਡੇ ਧਰਮ ਦੇ, ਪਤਿਬਤਾ ਹੋਣ ਦੇ। ਤੁਸੀਂ ਤਾਂ ਕੋਈ ਦੇਉਤੇ ਹੋ। ਮੂਰਖ ਬੇਗਮ ਤੁਹਾਡੇ ਅਸਲੇ ਨੂੰ ਨਹੀਂ ਸਮਝਦੀ!
ਭੁਜੰਗੀ— ਭਲਾ ਜੇ ਅਸੀਂ ਨਾ ਪੀਵੀਏ ਤਾਂ!
ਗੋਲੀ- ਫੇਰ ਕਤਲ ਕੀਤੇ ਜਾਓਗੇ। ਇਹ ਬੇਗਮ ਫੈਸਲਾ ਕਰ ਚੁਕੀ ਹੈ।
ਸ਼ੀਲਾ- ਸਤਿ ਬਚਨ, (ਪੁੱਤ੍ਰ ਵੱਲ) ਬਰਖੁਰਦਾਰ! ਇਕ ਦਿਨ ਮਰਨਾ ਹੈ ਅਰ ਮੇਰਾ ਤੇਰਾ ਸਿੰਘ ਹੁਰਾਂ ਦੇ ਨਾਲ ਇਸ ਕਿਲ੍ਹੇ ਵਿਚੋਂ ਜੀਉਂਦੇ ਜੀ ਨਿਕਲਣਾ ਅਨਹੋਣੀ ਗੱਲ ਹੈ, ਤੇਰੇ ਪਿਤਾ ਦਾ ਇਕੱਲਿਆਂ ਨਿਕਲ ਜਾਣਾ ਕੁਛ ਸੌਖਾ ਹੈ। ਉਹ ਸਿੰਘ ਹਨ ਕਿਲ੍ਹੇ ਦੇ ਉਸ ਦਿਨ ਵਾਲੀ ਬਾਹੀ ਤੋਂ ਟੱਪ ਕੇ ਬੀ ਜਾ ਸਕਦੇ ਹਨ, ਪਰ ਮੈਂ ਤੀਵੀਂ ਤੂੰ ਬਾਲਕ, ਸਾਡਾ ਨਿਕਲਣਾ ਔਖਾ ਹੈ। ਦੂਸਰੀ ਗੱਲ ਇਹ ਹੈ ਕਿ 'ਤੇਰਾ ਪਿਤਾ ਧਰਮ ਹਾਰੇ ਇਹ ਬੀ ਹੋਣ ਵਾਲੀ ਗੱਲ ਨਹੀਂ ਹੈ। ਕੋਈ ਐਸੀ ਪ੍ਰੇਰਨਾ ਨਹੀਂ ਹੈ ਜੋ ਉਨ੍ਹਾਂ ਦੇ ਹਿਰਦੇ ਨੂੰ ਪ੍ਰੇਰ ਸਕੇ। ਉਨ੍ਹਾਂ ਨੂੰ ਜੇ ਕੇਵਲ ਆਪਣਾ ਹੀ ਫ਼ਿਕਰ ਹੋਵੇ ਤਦ ਜਿੰਦ ਅਰ ਧਰਮ ਦੁਹਾਂ ਦਾ ਬਚਾ ਲੈਣਾ ਉਨ੍ਹਾਂ ਲਈ ਸੌਖੇਰਾ ਹੈ, ਪਰ ਮੇਰਾ ਨਾਲ ਹੋਣਾ ਉਹਨਾਂ ਦੀ ਜਿੰਦ ਨੂੰ ਜ਼ਰੂਰ ਲੈ ਗਲੇਗਾ, ਤਾਂ ਤੇ ਭਲਾ ਹੈ ਕਿ ਮੈਂ ਮਰ ਜਾਵਾਂ ਤੇ ਸੁਆਮੀ ਜੀ ਸੁਤੰਤ੍ਰ ਹੋਕੇ ਆਪਣਾ ਆਪ ਬਚਾ ਲੈਣ। ਤੇਰੇ ਲਈ, ਮੈਂ ਆਂਦਰਾਂ ਵੱਲ ਦੇਖਾਂ ਤਾਂ ਜੀਉਣਾ ਹੀ ਭਲਾ ਹੈ, ਪਰ ਜੇ ਅਕਲ ਦੀ ਗੱਲ ਮੰਨਾਂ ਤਾਂ ਤੇਰਾ ਮੇਰੇ ਨਾਲ, ਮੇਰੇ ਬੱਚੜੇ! ਚਲਣਾ ਹੀ ਚੰਗਾ ਹੈ। ਕਿਉਂਕਿ ਜਦ ਮੈਂ ਮਰ ਗਈ ਤੇਰੇ ਪਿਤਾ ਪਾਸ ਤੈਨੂੰ ਇਨ੍ਹਾਂ ਨੇ ਅੱਪੜਨ ਨਹੀਂ ਦੇਣਾ, ਅਰ ਕਈ ਤਰ੍ਹਾਂ ਦੇ ਦਾਬੇ ਤੇ ਲਾਲਚ ਤੈਨੂੰ ਦੇਣਗੇ, ਤੇਰੀ ਉਮਰ ਛੋਟੀ ਹੈ, ਮਤਾਂ ਤੇਰਾ ਚਿੱਤ ਡੋਲ ਜਾਵੇ, ਤੂੰ ਕੁਝ ਭੁਲ ਕਰ ਬੈਠੇ ਤੇ ਖਾਲਸਾ ਸੁਣੇ, ਤਦ ਮੇਰੀ ਕੁੱਖ ਨੂੰ ਸਾਰਾ ਪੰਥ ਧਿਕਾਰ ਦੇਵੇ ਤੇ ਤੇਰੀ ਆਤਮਾ ਸਾਥੋਂ ਵਿਛੁੜ ਜਾਵੇ। ਭਾਵੇਂ ਮੈਂ ਜਾਣਦੀ ਹਾਂ ਕਿ ਤੂੰ ਸ਼ੇਰ ਬੱਚਾ ਡੋਲਣੇ ਵਾਲਾ ਨਹੀਂ, ਤੇਰਾ ਲਹੂ ਪਵਿੱਤ੍ਰ ਤੇ ਦਿਲ ਬਲ ਵਾਲਾ ਹੈ ਪਰ ਅਵਸਥਾ ਛੋਟੀ ਹੋਣ ਕਰਕੇ ਦਿਲ