ਪੁੱਤ੍ਰ- ਮਾਂ ਜੀ! ਤੁਸਾਂ ਮੇਰਾ ਕਲੇਜਾ ਵਿੰਨ੍ਹ ਦਿੱਤਾ ਹੈ। ਮੈਂ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੋਵਾਂ? ਕੇਸ! ਪਿਆਰੇ ਕੇਸ! ਜਿੰਦੇਂ ਪਿਆਰੇ ਕੇਸ। ਤਿਆਗਾਂ? ਗੁਰੂ ਕਾ ਤਾਜ ਬਖ਼ਸ਼ਿਆ ਭੋਇੰ ਤੇ ਪਟਕਾਂ? ਪਿਆਰੇ ਦੀ ਨਿਸ਼ਾਨੀ; ਪਿਆਰੇ ਦੀ ਪ੍ਰੇਮ-ਭਰੀ ਯਾਦ ਸੱਟ ਦਿਆਂ? ਹਾਇ! ਮੌਤ
ਆਵੇ ਪਰ ਇਹ ਨਾ ਹੋਵੇ! ਉਹ ਪਿਆਰਾ ਮੇਰੀ ਜਿੰਦ ਦੀ ਬੀ ਜਿੰਦ ਮੇਰੇ ਆਤਮਾਂ ਦੀ ਬੀ ਆਤਮਾਂ, ਗੁਰੂ ਗੋਬਿੰਦ ਸਿੰਘ, ਮੈਂ ਉਨ੍ਹਾਂ ਦੇ ਹੁਕਮ ਨੂੰ ਨਾ ਮੰਨਾਂ ? ਮਾਂ ਜੀ! ਮੌਤ ਆਵੇ, ਪਰ ਇਹ ਦਿਨ ਨਾ ਆਵੇ (ਠੰਢਾ ਸਾਹ ਤੇ ਅੱਖਾਂ ਤਰ-ਬਤਰ)।
ਮਾਂ- ਬੱਚਾ! ਮੈਂ ਪੱਥਰ ਚਿੱਤ ਤੇਰੇ ਕੋਮਲ ਹਿਰਦੇ ਦੀਆਂ ਬ੍ਰੀਕ ਗੱਲਾਂ ਕਿੱਥੋਂ ਸਮਝਾਂ ? ਪਰ ਧਰਮ ਤਾਂ ਹਿਰਦੇ ਵਿਚ ਹੈ ਦਿਖਾਵੇ ਨਾਲ ਕੀ ਬਣਦਾ ਹੈ?
ਪੁੱਤ੍ਰ- ਮਾਂ ਧਰਮ ਉਸ ਵਸਤੂ ਦਾ ਨਾਮ ਹੈ ਜੋ ਪਰਮੇਸ਼ਰ ਆਪਣੇ ਪਿਆਰਿਆਂ ਦੀ ਰਾਹੀਂ ਸੰਸਾਰ ਨੂੰ ਦੱਸਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਜੋ ਨਿਕਲਿਆ ਸੋ ਮੇਰਾ ਧਰਮ ਹੈ।
ਮਾਂ- ਬੱਚਾ! ਕੀ ਕੇਸ ਹੀਨ ਸਾਰੇ ਨਰਕਾਂ ਨੂੰ ਜਾਣਗੇ?
ਪੁੱਤ੍ਰ— ਮਾਂ ਜੀ, ਇਹ ਤਾਂ ਪਤਾ ਨਹੀਂ, ਪਰ ਮੇਰੇ ਸਤਿਗੁਰਾਂ ਦਾ ਹੁਕਮ ਇਹੋ ਹੈ। ਮੇਰੇ ਪਿਆਰੇ ਸਤਿਗੁਰੂ ਆਪ ਕੇਸ਼ਾਧਾਰੀ ਸਨ, ਮੈਂ ਕਿੱਕਰ ਉਹਨਾਂ ਦੇ ਪੂਰਨਿਆਂ ਤੇ ਨਾ ਤੁਰਾਂ ? ਤੂੰ ਸਾਹਿਬ ਹਉ ਸਾਂਗੀ ਤੇਰਾ। ਕੇਸ ਤਨ ਦੀ ਸ਼ੋਭਾ ਹਨ ਤੇ ਮਨ ਦੀਆਂ ਆਤਮ ਸ਼ਕਤੀਆਂ ਦੇ ਰਾਖੇ ਤੇ ਦਿਮਾਗੀ ਤਾਕਤਾਂ ਦੇ ਰਖਵਾਲੇ ਮੇਰੇ ਪਿਆਰੇ ਦੀ ਦਾਤ ਹਨ, ਮੇਰੇ ਗੁਰੂ ਕੇ ਪਰਿਵਾਰ ਦੀ ਨੁਹਾਰ ਹਨ। ਮਾਤਾ ਜੀ! ਸੱਚੇ ਧਰਮੀ ਹੋਣਾ ਤਾਂ ਵੱਡੀ ਦੂਰ ਹੈ, ਹਾਲੇ ਤਾਂ ਮੈਂ ਸਤਿਗੁਰਾਂ ਦਾ ਸਾਂਗੀ ਬਣਨ ਦਾ ਯਤਨ ਕਰਦਾ ਹਾਂ, ਪਰ ਆਹ! ਸਾਂਗੀ ਬਣਨੇ ਦਾ ਬੀ ਐਸਾ ਸੁਖ ਹੈ, ਜੋ ਜਗਤ ਦੇ ਸਮੱਗਰ ਸੁਖਾਂ ਥੀਂ ਵੱਡਾ ਹੈ: ਸੋਚੋ ਮਾਂ ਜੀ! ਜੇ ਸਾਰਾ ਧਰਮ ਸਾਨੂੰ ਲੱਭ ਜਾਵੇ ਤਾਂ ਫੇਰ ਕਿੱਡਾ ਆਨੰਦ ਹੋ ਜਾਵੇ?
ਮਾਂ- ਤਾਂ ਬੱਚਾ! ਅਜੇ ਤੂੰ ਸਿੱਖ ਬੀ ਨਹੀਂ?
ਪੁੱਤ੍ਰ ਮਾਂ ਜੀ! ਸਿੱਖ, ਮੈਂ ਤਾਂ ਸਿੱਖਾਂ ਦੇ ਜੋੜੇ-ਬਰਦਾਰ ਹੋਣ ਦੇ ਲਾਇਕ ਬੀ ਨਹੀਂ। ਮਾਂ ਜੀ ਸਿੱਖੀ ਬੜੀ ਉੱਚੀ ਪਦਵੀ ਹੈ। ਸਿੱਖ ਦੇ ਦਰਸ਼ਨ ਨੂੰ ਤਾਂ ਤਿੰਨਾਂ ਲੋਕਾਂ ਦੇ ਵਡੱਕੇ ਤਰਸਦੇ ਹਨ।