ਬਿਜੈ ਸਿੰਘ ਜੀ ਜਦ ਇਸ ਘਰ ਪਹੁੰਚੇ, ਤਦ ਲਾਲਾ ਲੀਲਾ ਰਾਮ ਨੇ, ਜੋ ਘਰ ਦਾ ਮਾਲਕ ਸੀ, ਇਨ੍ਹਾਂ ਦੀ ਖ਼ਾਤਰ ਕੀਤੀ ਅਰ ਆਪਣੀ ਹਵੇਲੀ ਦੇ ਉਸ ਅਸਥਾਨ ਵਿਚ ਉਤਾਰਾ ਦਿੱਤਾ ਕਿ ਜਿਥੇ ਕੋਈ ਨਹੀਂ ਪਹੁੰਚ ਸਕਦਾ ਸੀ ਅਰ ਨਾ ਢੂੰਡ ਕਰਨ ਤੇ ਹੀ ਪਤਾ ਲੱਗ ਸਕਦਾ ਸੀ। ਇਸ਼ਨਾਨ ਪਾਣੀ ਕਰਕੇ ਸਭ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੀਤਾ ਤੇ ਫੇਰ ਪ੍ਰਸ਼ਾਦ ਛਕਿਆ। ਰਾਤ ਦੇ ਵੇਲੇ ਇਸ ਹਵੇਲੀ ਵਿਚ ਪੰਜਾਹ ਸੱਠ ਸਿੰਘ ਹੋਰ ਇੱਕਠੇ ਹੋਏ। ਇਸ ਵੇਲੇ ਪੰਥ ਦੀ ਉਖਿਆਈ ਦਾ ਵਰਣਨ ਚੱਲ ਪਿਆ ਕਿ ਅੰਮ੍ਰਿਤਸਰ ਵਿੱਚੋਂ ਸਿੰਘ ਕੱਢ ਦਿੱਤੇ ਜਾਣ ਦਾ ਹੁਕਮ ਚਲਾ ਗਿਆ ਹੈ, ਗੁਰਦਾਸਪੁਰ ਤੀਕ, ਜਿਥੇ ਸਿੰਘਾਂ ਨੇ ਕਬਜ਼ੇ ਕੀਤੇ ਸਨ. ਸਭ ਖੋਹੇ ਜਾ ਰਹੇ ਹਨ। ਗਸ਼ਤੀ ਫ਼ੌਜ ਸਾਰੇ ਪੰਜਾਬ ਵਿਚ ਫਿਰ ਰਹੀ ਹੈ ਅਰ ਥਾਂ ਥਾਂ ਪੁਰ ਕੱਚੇ ਕੋਠੇ ਪਾ ਕੇ ਚੌਂਕੀਆਂ ਪਹਿਰੇ ਬੈਠ ਰਹੇ ਹਨ। ਖਾਲਸੇ ਦੇ ਸਾਰੇ ਜੱਥੇ, ਜਿਨ੍ਹਾਂ ਨੇ ਸਿਰ ਕੱਢੇ ਸਨ, ਕਿਤੇ ਕਿਤੇ ਕੁਛ ਡਟੇ ਹਨ, ਪਰ ਕਈ ਬਾਰਾਂ, ਬਣਾਂ, ਪਹਾੜਾਂ ਦੀਆਂ ਕੁੱਖਾਂ ਵਿਚ ਜਾ ਲੁਕੇ ਹਨ, ਪਰ ਵਿਚਾਰੇ ਗਰੀਬ ਗ੍ਰਿਹਸਥੀ ਕੀ ਕਰਨ; ਮਾਰੇ ਜਾ ਰਹੇ ਹਨ।
ਗੱਜਣ ਸਿੰਘ- ਖਾਲਸਾ ਜੀ! ਆਪਨੇ ਅੱਜ ਦਾ ਸਾਕਾ ਨਹੀਂ ਸੁਣਿਆ ?
ਮੱਜਾ ਸਿੰਘ— ਨਹੀਂ ਜੀ ਕੀ ਹੋਇਆ?
ਗੱਜਣ ਸਿੰਘ- ਸ੍ਰੀ ਵਾਹਿਗੁਰੂ! ਸੱਜਣ ਸਿੰਘ ਜੀ ਸ਼ਹੀਦ ਹੋ ਗਏ। ਸਾਰੇ ਸਿੰਘ— ਹੈਂ! ਕੀ ਭਾਈ ਸਾਹਿਬ ਸਾਨੂੰ ਛੱਡ ਗਏ?
ਗੱਜਣ ਸਿੰਘ— ਮੈਂ ਤੁਹਾਨੂੰ ਉਨ੍ਹਾਂ ਦੀ ਵਿਥਿਆ ਸੁਣਾਵਾਂ। ਪੰਜ ਦਿਨ ਤੀਕ ਭਾਈ ਹੁਰੀਂ ਸਿੰਘਣੀ ਤੇ ਪੁਤ੍ਰਾਂ ਸਮੇਤ ਕੈਦ ਰਹੇ ਹਨ; ਅੰਨ ਤਕ ਉਹਨਾਂ ਨੂੰ ਨਹੀਂ ਦਿੱਤਾ ਗਿਆ।
–––––––––
* ਦੀਵਾਨ ਕੌੜਾ ਮਲ ਭੀ ਇਹਨਾਂ ਸਿੱਖਾਂ ਵਿਚੋਂ ਹੀ ਸੀ। ਸਰ ਜਾਨ ਮੈਲਕਮ ਆਪਣੀ ਪੁਸਤਕ ਵਿਚ ਐਸੇ ਸਿੱਖਾਂ ਨੂੰ 'ਖੁਲਾਸਾ ਸਿੱਖ' ਲਿਖਦੇ ਹਨ। ਇਹ ਲੋਕ ਸਿੰਘਾਂ ਵਿਚ ਸਹਿਜਧਾਰੀ ਸਿੱਖ ਕਹਾਉਂਦੇ ਸਨ। ਏਹ ਨਿਸ਼ਚੇ ਭਰੋਸੇ ਤੇ ਕਰਨੀ ਦੇ ਪੱਕੇ ਸਿੱਖ ਹੁੰਦੇ ਸੇ।