ਲੀਲਾ— ਝੂਠ, ਝੂਠ, ਝੂਠ, ਮੈਂ ਤੇ ਮੇਰੇ ਘਰ ਸਿਖ ਹੈਨ! ਪਰ ਹੱਛਾ ਸੱਚ ਨੂੰ ਕਾਹਦਾ ਡਰ ਹੈ! ਮੈਂ ਕਪੜੇ ਪਾ ਲਵਾਂ।
ਸਿਪਾਹੀ— ਨਹੀਂ ਇਸੇ ਤਰ੍ਹਾਂ ਹੀ ਹਕੂਮ ਹੈ ਚਲਣੇ ਦਾ। ਲੀਲਾ- ਬਹੁਤ ਭਲਾ! ਅਰ ਚੁੱਪ ਕਰ ਕੇ ਉਸ ਦੇ ਨਾਲ ਹੋ ਟੁਰੇ। ਵਿਹੜੇ ਵਿਚ ਪਹੁੰਚੇ ਤੇ ਕੁਤਵਾਲ ਸਾਹਿਬ ਨੂੰ ਸਲਾਮ ਕਰਕੇ ਅਦਬ ਨਾਲ ਜਾ ਖੜੇ ਹੋਏ ਅਰ ਚਾਰ ਚੁਫੇਰੇ ਦੱਬੀ ਨਜ਼ਰ ਕਰਕੇ ਤਾੜ ਗਏ ਕਿ ਮੇਰੇ ਘਰ ਦੇ ਹਰ ਛਜੇ, ਹਰ ਅਟਾਰੀ, ਹਰ ਬੂਹੇ ਅੱਗੇ ਪਹਿਰਾ ਲਗ ਗਿਆ ਹੈ, ਕੁਤਵਾਲ ਸਾਹਿਬ ਭੀ ਪਛਾਣੇ, ਜੋ ਲੀਲਾ ਰਾਮ ਦੇ ਪਰਮ ਮਿੱਤ੍ਰ ਸਨ, ਪਰ ਐਸ ਵੇਲੇ ਢਾਹ ਲਾਉਣ ਵਾਲੇ ਦਰਯਾ ਦੀ ਤਰ੍ਹਾਂ ਐਉਂ ਕਰੜੇ ਤੀਉੜੀ ਅਤੇ ਵੱਟ ਮੱਥੇ ਤੇ ਪਾਏ ਹੋਏ ਸਨ ਕਿ ਮਾਨੋਂ ਸਾਰੀ ਹਵੇਲੀ ਨੂੰ ਨਿਗਲ ਜਾਣਗੇ। ਕੁਤਵਾਲ- ਆਪ ਮੇਰੇ ਮਿੱਤਰ ਹੋ ਪਰ ਰਾਜਸੀ ਮਾਮਲੇ ਬੜੇ ਬੁਰੇ ਹਨ, ਹੁਣ ਮੈਂ ਸਖਤੀ ਕਰਨੇ ਲਈ ਪਰ-ਵੱਸ ਹਾਂ, ਆਪ ਝਬਦੇ ਸਿਖਾਂ ਨੂੰ ਫੜਾ ਦਿਓ। ਲੀਲਾ- ਆਪ ਪਾਤਸ਼ਾਹ ਮੈਂ ਪਰਜਾ ਹਾਂ ਅਰ ਮੇਰਾ ਘਰ ਆਪ ਦੇ ਹਾਜ਼ਰ ਹੈ, ਪੱਤਾ ਪੱਤਾ ਢੂੰਡ ਲਵੋ, ਜੋ ਥਾਂ ਜੋ ਜਗ੍ਹਾ ਆਖੋ ਵਿਖਾ ਦੇਂਦਾ ਹਾਂ,
–––––––––––
* ਧਾਵਾ।