ਇਹ ਪਰਵਾਰ ਸਾਡੇ ਬਿਜੈ ਸਿੰਘ ਜੀ ਸ਼ੀਲ ਕੌਰ ਤੇ ਭੁਜੰਗੀ ਜੀ ਦਾ ਹੈ। ਇਸ ਵੇਲੇ ਚੰਦ ਦੀ ਮਿੱਠੀ ਚਾਨਣੀ ਬ੍ਰਿਛਾਂ ਨੂੰ ਚਾਂਦਨੀ ਦੀ ਰੁਪਹਿਲੀ ਚੱਦਰ ਪਹਿਨਾ ਰਹੀ ਸੀ ਅਰ ਪੱਤਿਆਂ ਵਿਚੋਂ ਛਣ ਛਣ ਕੇ ਚਾਂਦਨੀ ਹੇਠਾਂ ਬੀ ਪੈ ਰਹੀ ਸੀ। ਬਨ ਪਸ਼ੂਆਂ ਦੇ ਘੁੱਰਾਉਣ ਦੇ ਸ਼ਬਦ ਕਿਸੇ ਕਿਸੇ ਵੇਲੇ ਇਕ ਭਯੰਕਰ ਸੁਰ ਵਿਚ ਗੂੰਜ ਪੈਂਦੇ ਸਨ ਕਿ ਇੰਨੇ ਚਿਰ ਵਿਚ ਇਕ ਮਾਨੁਖੀ ਆਵਾਜ਼ 'ਹਾਇ! ਹਾਇ! ਹਾਇ! ਦੀ ਆਉਣ ਲੱਗ ਪਈ, ਜਿਸਦੀ ਚੋਭ ਹਿਰਦਿਆਂ ਨੂੰ ਨੇਜੇ ਵਾਂਗ ਪੁਰੇ ਰਹੀ ਸੀ। ਬਿਜੈ ਸਿੰਘ ਦਾ ਦਯਾ ਪੂਰਤ ਹਿਰਦਾ ਰਹਿ ਨਾ ਸਕਿਆ, ਇਕ ਦੀਣੀ' ਬਾਲ ਕੇ ਆਵਾਜ਼ ਦੀ ਸੇਧ ਪੁਰ ਤੁਰਿਆ, ਨਾਲ ਵਹੁਟੀ ਤੇ ਪੁਤ੍ਰ ਭੀ ਹੋ ਲਏ। ਲਭਦੇ ਲਭਦੇ ਇਕ ਬ੍ਰਿਛ ਦੇ ਹੇਠ ਇਕ ਲੱਛਦੇ ਆਦਮੀ ਨੂੰ ਡਿੱਠਾ ਜੋ ਹਾਇ ਹਾਇ ਕਰ ਰਿਹਾ ਸੀ, ਅਰ ਜਿਸ ਦੇ ਬਦਨ ਨੂੰ ਐਸੀਆਂ ਝਰੀਟਾਂ ਲਗ ਰਹੀਆਂ ਸਨ ਕਿ ਜਿਨ੍ਹਾਂ ਕਰਕੇ ਕਈ ਥਾਵਾਂ ਤੋਂ ਲਹੂ ਸਿੰਮ ਰਿਹਾ ਸੀ। ਅੱਖਾਂ ਦੀ ਰੰਗਤ ਐਸੀ ਪਲਟੀ ਹੋਈ ਸੀ ਕਿ ਆਦਮੀ ਵਹਿਸ਼ੀ ਹੋਇਆ ਜਾਪਦਾ ਸੀ। ਬਿਜੈ ਸਿੰਘ ਨੇ ਸਹਿਜ ਨਾਲ ਉਸਨੂੰ ਚੁਕਿਆ ਅਰ ਸੰਭਾਲ ਕੇ ਆਪਣੇ ਸ਼ੀਸ ਮਹਿਲ' ਵਿਚ ਲਿਆ ਪਾਇਆ, ਪਾਣੀ ਉਸ ਦੇ ਮੂੰਹ ਵਿਚ ਚੋਇਆ ਅਰ ਘਾਉ ਧੋ ਕੇ ਲਾਲ ਤੇਲ ਲਾ ਕੇ ਸ਼ੀਲ ਕੌਰ ਦਾ ਕਪੜਾ ਪਾੜ ਕੇ ਪੱਟੀ ਬੱਧੀ। ਹੁਣ ਜ਼ਰਾ ਉਸ ਨੂੰ ਆਸੰਙ ਹੋ ਆਈ ਅਰ ਲੱਗਾ ਅਸੀਸਾਂ ਦੇਣ
––––––––––––
1. ਬਨਾਂ ਵਿਚ ਲਕੜੀਆਂ ਦੇ ਟੁਕੜੇ ਤੇ ਕਈ ਤਰ੍ਹਾਂ ਦੇ ਸਿੱਟੇ ਬਾਲ ਕੇ ਉਹਨਾਂ ਤੋਂ ਦੀਵੇ ਦਾ ਕੰਮ ਲਿਆ ਕਰਦੇ ਸਨ। ਪਹਾੜਾਂ ਵਿਚ ਦੀਣੀ ਚੀਲ੍ਹਾਂ ਵੀ ਬਾਲਦੇ ਸਨ।
2. ਖਾਲਸਈ ਬੋਲੀ ਵਿਚ, ਸ਼ੀਸ਼ ਮਹਿਲ-ਕੁੱਲੀ।