ਬਿਜੈ ਸਿੰਘ- ਸਤਿ ਬਚਨ।
ਪੰਡਤ- ਪਰ ਮੇਰੇ ਪਾਸ ਤਾਂ ਖਰਚ ਭੀ ਨਹੀਂ ਹੈ, ਦੁਖੀ ਹਾਂ, ਜ਼ਖਮੀ ਹਾਂ ਅਰ ਪ੍ਰਦੇਸੀ ਹਾਂ, ਕੀ ਕਰਾਂ?
ਬਿਜੈ ਸਿੰਘ— ਪਿਆਰੀ ਸ਼ੀਲ ਕੌਰਾਂ! ਕੁਛ ਹੈ ?
ਸ਼ੀਲਾ- ਸੁਆਮੀ ਜੀ! ਰਾਤ ਵਾਲੇ ਪੈਸੇ ਹਨ ਜੋ ਆਪ ਨੇ ਟੋਕਰੀਆਂ ਦੇ ਵੇਚ ਕੇ ਆਂਦੇ ਹਨ।
ਪੰਡਤ- ਹੂੰ! ਜਜਮਾਨ ਭਗਵਾਨ! ਇਨ੍ਹਾਂ ਨਾਲ ਕੀਹ ਬਣੇਗਾ। ਮੇਰੇ ਅੱਗੇ ਤਾਂ ਬੜੀ ਪੰਧ ਹੈ।
ਬਿਜੈ ਸਿੰਘ- ਪ੍ਰਿਯਾ! ਕੋਈ ਰੱਖੀ ਰਖਾਈ ਚੀਜ ਕੱਢ, ਪ੍ਰਦੇਸੀਆਂ ਤੇ ਦੁਖੀਆਂ ਦੀ ਮਦਦ ਕਰਨੀ ਲੋੜੀਏ।
ਸ਼ੀਲਾ- ਮਹਾਰਾਜ ਜੀ! ਆਪ ਦੀ ਬਖਸ਼ੀ ਹੋਈ ਵਿਵਹਾ ਗੰਢ ਦੀ ਮੁੰਦਰੀ ਹੈ, ਜਿਸ ਤੋਂ ਮੇਰਾ ਉਮਰ ਭਰ ਅੱਡ ਹੋਣ ਨੂੰ ਜੀ ਨਹੀਂ ਕਰਦਾ, ਪਰ ਜਿਵੇਂ ਆਪ ਦੀ ਆਗਿਆ ਹੋਵੇ।
ਬਿਜੈ ਸਿੰਘ- ਸੱਚ ਹੈ, ਮੈਂ ਬੀ ਨਹੀਂ ਚਾਹੁੰਦਾ ਕਿ ਆਪ ਦੀ ਐਸੀ ਪਿਆਰੀ ਸ਼ੈ ਆਪ ਤੋਂ ਖੋਹਾਂ, ਪਰ ਪਿਆਰੀ! ਅੰਤ ਵੇਲੇ ਸਭ ਕੁਛ ਛੱਡਣਾ ਪੈਂਦਾ ਹੈ, ਸੋ ਜੇ ਹੁਣ ਛੱਡ ਦਿੱਤਾ ਜਾਵੇ ਅਰ ਕਰਤਾਰ ਦੇ ਨਾਮ ਪੁਰ ਛੱਡਿਆ ਜਾਵੇ ਤਾਂ ਕੀ ਘਾਟਾ ਹੈ?
ਸ਼ੀਲਾ- ਸੁਆਮੀ ਜੀ! ਆਪ ਦੀ ਪ੍ਰਸੰਨਤਾ ਲਈ ਸਿਰ ਹਾਜ਼ਰ ਹੈ ਅਰ ਗੁਰੂ ਦੇ ਰਸਤੇ ਦੇਣਾ ਮਹਾਂ ਸੁਖਦਾਈ ਹੈ! ਫੇਰ ਮੈਂ ਇਸ ਮਿਟੀ ਦੇ ਪੁਤਰ* ਦੀ ਮੁੰਦਰੀ ਨੂੰ ਕਿਉਂ ਆਪ ਦੀ ਪ੍ਰਸੰਨਤਾ ਦਾ ਕਾਰਨ ਜਾਣ ਕੇ ਖ਼ੁਸ਼ੀ ਨਾਲ ਨਾ ਦੇਵਾਂ?
––––––––––
1. ਭਾਵ ਸੋਨਾ ।