

ਕੰਮ ਛੱਡਕੇ ਮਾਂ ਪੁੱਤ੍ਰ ਕੁਟੀਆ ਦੇ ਅੰਦਰ ਗਏ, ਅਰ ਹੱਥ ਜੋੜਕੇ ਮਾਂ ਨੇ ਬੱਚੇ ਵਾਸਤੇ ਬੇਨਤੀ ਕੀਤੀ:- 'ਹੇ ਅਕਾਲ ਪੁਰਖ ਕਰੁਣਾਮਯ ਜਗਦੀਸ਼੍ਵਰ! ਇਹ ਤੇਰਾ ਨਿਆਣਾ ਬਾਲਕ ਹੈ, ਇਸਦੇ ਹਿਰਦੇ ਵਿਚ 'ਸ਼ੱਕ' ਵੜ ਗਿਆ ਹੈ, ਸਾਨੂੰ ਨਿਮਾਣਿਆਂ ਨੂੰ ਕੋਈ ਚਾਰਾ ਨਹੀਂ ਲੱਭਦਾ ਕਿ ਜਿਸ ਕਰਕੇ ਇਸ ਦੁੱਖ ਦਾ ਇਲਾਜ ਕੀਤਾ ਜਾਵੇ, ਤੇਰੀ ਸ਼ਰਨ ਪਏ ਹਾਂ, ਸੋ ਕਿਰਪਾ ਕਰਕੇ ਆਪਣੀ ਮਿਹਰ ਦੇ ਜਲ ਨਾਲ ਇਸ ਦਾਸ ਦੇ ਹਿਰਦੇ ਨੂੰ ਸ਼ੱਕ ਤੇ ਸੂਗ ਤੋਂ ਧੋ ਦੇਵੇ ਅਰ ਨਿਰਮਲ ਕਰ ਦਿਓ। ਸਾਡੇ ਨਿਆਸਰਿਆਂ ਦਾ ਤੂੰ ਆਸਰਾ ਹੈਂ, ਤੇਰੇ ਬਾਝ ਸਾਡਾ ਕੋਈ ਨਹੀਂ। ਜਿੰਕੁਰ ਭਿਆਨਕ ਬਨਾਂ ਵਿਚ ਡਰਾਉਣੇ ਪਸ਼ੂਆਂ ਤੋਂ ਸਾਡੀ ਰੱਖਿਆ ਕਰਦੇ ਹੈ, ਸੰਸਾਰ ਦੇ ਸਾਰੇ ਪਾਪਾਂ ਤੋਂ ਇਵੇਂ ਸਾਡੇ ਮਨ ਦੀ ਰੱਖਿਆ ਕਰੇ, ਅਰ ਸਾਡੇ ਮਨਾਂ ਨੂੰ ਸੁਥਰਾ ਕਰ ਕੇ ਆਪਣੇ ਚਰਨਾਂ ਦੇ ਲਾਇਕ ਸਿੰਘਾਸਣ ਬਣਾਓ।'
ਇਸ ਪਰਕਾਰ ਦੀ ਪ੍ਰਾਰਥਨਾ ਕਰ ਕੇ ਜਾਂ ਸਿੰਘਣੀ ਨੇ ਨੇਤਰ ਖੋਲ੍ਹੇ ਤਦ ਕੰਨਾਂ ਵਿਚ ਇਕ ਰੈਲੇ ਦੀ ਅਵਾਜ਼ ਪਈ।
'ਹਾ! ਨਾ ਮਾਰ, ਮੈਂ ਝੂਠਾ ਨਹੀਂ ਹਾਂ, ਹਾ! ਤਰਸ ਕਰ, ਤਰਸ, ਹੁਣ ਨੇੜੇ ਹੈ, ਊਈ ਹਾਏ ਨੇੜੇ! ਹਾ ਨੇੜੇ! ਹਾਇ ਨਾ ਮਾਰ! ਮਰ ਗਿਆ, ਗਰੀਬ ਮਰ ਗਿਆ, ਹਾ ਰਾਮ! ਹਾ ਰਾਮ!! ਹਾ ਰਾਮ! ! !
ਝੁੱਗੀ ਦੀ ਇਕ ਝੀਤ ਥਾਣੀ ਸਿੰਘਣੀ ਨੇ ਨਜ਼ਰ ਭਰ ਕੇ ਡਿੱਠਾ, ਤਾਂ ਕੀ ਨਜ਼ਰ ਪਿਆ। ਇਕ ਪਤਲੇ ਜਿਹੇ ਮਨੁੱਖ ਨੂੰ ਇਕ ਤੁਰਕ ਪਿਆਦੇ ਨੇ ਫੜਿਆ ਹੈ, ਦੇਂਹ ਨੇ ਬਾਹਾਂ ਫੜ ਰੱਖੀਆਂ ਹਨ ਅਰ ਇਕ ਜਣਾ ਚੁਪੇੜਾਂ ਮਾਰਦਾ ਤੇ ਕਹਿੰਦਾ ਹੈ: 'ਮਰਦੂਦ ਕੰਡਿਆਂ ਵਿਚ ਘਸੀਟ ਕੇ ਸਾਨੂੰ ਖਰਾਬ ਕੀਤਾ, ਸਾਰਾ ਬਦਨ ਸਾਡਾ ਛਿਲ ਗਿਆ। ਜਿਸ ਨੂੰ ਮਾਰ ਪੈਂਦੀ ਹੈ ਉਹ ਵਾਸਤੇ ਪਾਉਂਦਾ ਹੈ ਕਿ ਮੈਨੂੰ ਛੱਡ ਤਾਂ ਤੁਹਾਨੂੰ ਪਤਾ ਦੱਸਾਂ, ਮੈਨੂੰ ਨਿਸ਼ਾਨੀਆਂ ਮਿਲ ਗਈਆਂ ਹਨ: ਕੋਈ ਕਦਮਾਂ ਦੀ ਕਸਰ ਹੈ। ਪਰ ਓਹ ਇਕ ਨਹੀਂ ਸੁਣਦੇ। ਸਿੰਘਣੀ ਦੇ ਨੂਰੀ ਚਿਹਰੇ ਤੇ ਵੱਟ ਤੇ ਵੱਟ ਪੈਣ ਤੇ ਬਦਲਣ ਲੱਗੇ, ਜਿੱਕੁਰ ਅਡੋਲ ਸਮੁੰਦਰ ਦੀ ਠਹਿਰੀ ਹੋਈ ਤਲ ਪਰ ਝੱਖੜ ਝੁਲਣ ਤੋਂ ਪਹਿਲੇ ਲਹਿਰਾਂ ਦੀਆਂ ਤੀਉੜੀਆਂ ਪੈਣੀਆਂ ਆਰੰਭ ਹੁੰਦੀਆਂ ਹਨ। ਡੂੰਘੀ ਨੀਝ ਲਾਉਣ ਅਰ ਸਾਹ ਵੱਟ ਕੇ ਸੁਣਨ ਤੋਂ ਬਹਾਦਰ ਇਸਤਰੀ ਆਉਣ ਵਾਲੀ ਹੋਣੀ ਨੂੰ ਸਮਝ ਗਈ, ਅਰ ਪੁੱਤ੍ਰ ਨੂੰ ਛਾਤੀ ਨਾਲ ਲਾ ਕੇ