ਬਿਜੈ ਸਿੰਘ
1. ਕਾਂਡ
ਲਾਹੌਰ ਸ਼ਹਿਰ ਜੁੱਧਾਂ ਜੰਗਾਂ ਦਾ ਇਕ ਭਾਰੀ ਪਿੜ ਰਹਿ ਚੁਕਾ ਹੈ, ਜਿਨ੍ਹਾਂ ਦਾ ਪੂਰਾ ਵੇਰਵਾ ਲਿਖਣੇ ਲਈ ਬਹੁਤ ਸਮਾਂ ਤੇ ਵਡੇਰੀ ਪੁਸਤਕ ਚਾਹੀਏ। ਅਸੀਂ ਏਥੇ ਸੰਮਤ 1808 ਤੇ 1909 ਬਿਕ੍ਰਮੀ ਦੇ ਲਗਪਗ ਦੇ ਕੁਝ ਭੋਰਾ ਕੁ ਸਮਾਚਾਰ ਦੱਸਦੇ ਹਾਂ।
ਮੀਰ ਮੰਨੂੰ ਨੇ ਕਾਬਲ ਦੇ ਪਾਤਸ਼ਾਹ, ਅਹਿਮਦਸ਼ਾਹ ਦੁੱਰਾਨੀ ਪਾਸੋਂ ਹਾਰ ਖਾ ਕੇ ਸੁਲਹ ਦੀ ਬੇਨਤੀ ਕੀਤੀ, ਜੋ 50 ਲੱਖ ਰੁਯਾ ਤੇ ਹੋਰ ਮਾਲ ਮਤਾ ਦੇ ਕੇ ਪ੍ਰਵਾਨ ਹੋਈ ਅਰ ਫੇਰ ਮੀਰ ਮੰਨੂੰ ਲਾਹੌਰ ਦੀ ਹਾਕਮ ਪਿਛੇ ਵਾਂਗੂੰ ਦ੍ਰਿੜ੍ਹ ਰਿਹਾ'। ਮਹਾਰਾਜਾ ਕੌੜਾ ਮੱਲ, ਖਾਲਸੇ ਦਾ ਸੱਚਾ ਮਿੱਤਰ, ਅਰ ਦੀਵਾਨ ਲਖਪਤ ਪੱਕਾ ਵੈਰੀ, ਦੋਵੇਂ ਇਸ ਸੰਸਾਰ ਦੀ ਖੇਡ ਵਿਚੋਂ ਆਪੋ ਆਪਣਾ ਹਿੱਸਾ ਖੇਡ ਕੇ, ਅਕਾਲ ਪੁਰਖ ਦੇ ਹਜ਼ੂਰ ਵਡਿਆਈ ਤੇ ਅਨਾਦਰ ਦੇ ਸੁਆਦ ਚੱਖ ਰਹੇ ਸਨ । ਖਾਲਸੇ ਦਾ ਸਰਕਾਰ ਵਿਚ ਕੋਈ ਮਿੱਤਰ ਨਹੀਂ
–––––––––––––
1. ਮੀਰ ਮੰਨੂੰ ਜਿਸ ਦਾ ਨਾਮ ਮੀਰ ਮੁਅੱਯਨੁਲ ਮੁਲਕ ਸੀ, ਵਜ਼ੀਰ ਕਮਰੁੱਦੀਨ ਦਾ ਪੁੱਤਰ ਅਤੇ ਪੰਜਾਬ ਦਾ ਹਾਕਮ ਸੀ। ਇਸ ਨੇ ਅਬਦਾਲੀ ਦੇ ਪਹਿਲੇ ਹਮਲੇ ਵੇਲੇ ਸੰ: 1805 ਬਿ: (1748 ਈ:) ਵਿਚ ਉਸ ਨੂੰ ਹਰਾ ਕੇ ਭਜਾ ਦਿੱਤਾ ਸੀ ਤੇ ਇਸੇ ਬਹਾਦਰੀ ਕਰ ਕੇ ਲਾਹੌਰ ਦਾ ਸੂਬਾ ਬਣਿਆ ਸੀ। ਇਸੇ ਸਾਲ ਦੀ ਬਰਸਾਤ ਮਗਰੋਂ ਦੁੱਰਾਨੀ ਫੇਰ ਚੜ੍ਹ ਆਇਆ ਤੇ ਮੰਨੂੰ ਨੇ ਕੁਛ ਪਰਗਣਿਆਂ ਦਾ ਮਾਮਲਾ ਦੇ ਕੇ ਸੁਲਹ ਕਰ ਲਈ ਸੀ। ਇਹ ਤੀਸਰਾ ਹਮਲਾ ਸੀ ਸੰਨ 1809 ਵਾਲਾ, ਜਿਸ ਦਾ ਕੁਛ ਹਾਲ ਸੁੰਦਰੀ ਵਿਚ ਆ ਚੁਕਾ ਹੈ। ਇਸੇ ਵਿਚ ਮਹਾਰਾਜਾ ਕੌੜਾ ਮੱਲ ਜੀ ਸ਼ਹੀਦ ਹੋਏ ਸਨ (1751-52 ਈ:)।
2. ਮੁਹੰਮਦ ਲਤੀਫ, ਸਫਾ 224