

ਮੁਕਾਉਂਦਿਆਂ ਜਦ ਦੋ ਕੁ ਦਿਨ ਬੀਤੇ ਤਦ ਜਮਾਂਦਾਰ ਸਾਹਿਬ ਦੀ ਸਵੇਰ ਸਾਰ ਸ਼ੀਲ ਕੌਰ ਪੁਰ ਨਜ਼ਰ ਪੈ ਗਈ। ਉਸਦੇ ਸੁਹਲ ਹੱਥਾਂ ਨੂੰ ਨੀਲ ਪਏ ਤੇ ਘਾਸਾਂ ਲੱਗ ਕੇ ਜੀਕਾਂ ਪੈ ਰਹੀਆਂ ਦੇ ਕਲੇਸ਼ ਨੂੰ ਦੇਖਕੇ ਇਸ ਦਾ ਕਰੜਾ ਹਿਰਦਾ ਬੀ ਪੰਘਰ ਪਿਆ। ਜਮਾਂਦਾਰ ਨੇ ਮਾਂ ਪੁੱਤਰ ਦੀਆਂ ਹੱਥ-ਕੜੀਆਂ ਉਤਾਰਨ ਦਾ ਹੁਕਮ ਦਿੱਤਾ ਅਰ ਸਿਪਾਹੀ ਇਕ ਹੋਰ ਉਹਨਾਂ ਦੇ ਨਾਲ ਕਰ ਦਿੱਤਾ।
ਰਾਤ ਆ ਗਈ, ਇਕ ਸਰਾਂ ਵਿਚ ਡੇਰਾ ਹੋਇਆ, ਸਭ ਕੈਦੀ ਉਸੇ ਤਰ੍ਹਾਂ ਦੁੱਖਾਂ ਦੇ ਵਿਚ ਪਏ ਰਾਤ ਬਿਤਾਉਣ ਲੱਗੇ, ਪਰ ਸ਼ੀਲ ਕੌਰ ਤੇ ਭੁਜੰਗੀ ਨੂੰ ਅੱਜ ਉਲਟਾ ਕੰਮ ਆ ਪਿਆ, ਚੰਗੇ ਸੁਥਰੇ ਕੋਠੇ ਵਿਚ ਉਤਾਰਾ ਮਿਲਿਆ, ਪੱਕੇ ਪਕਾਏ ਚੰਗੇ ਪ੍ਰਸ਼ਾਦੇ ਖਾਣ ਨੂੰ ਆਏ, ਸੌਣ ਵਾਸਤੇ ਕੁਝ ਬਿਸਤਰੇ ਆਦਿ ਸਮਾਨ ਬੀ ਆ ਮੌਜੂਦ ਹੋਏ।
ਸ਼ੀਲ ਕੌਰ ਦਾ ਸਿਆਣਾ ਮਨ ਸੋਚਦਾ ਸੀ ਕਿ ਕੀ ਕਾਰਨ ਹੈ ਜੋ ਐਸ ਤਰ੍ਹਾਂ ਕਿਸਮਤ ਪਲਟਾ ਖਾ ਰਹੀ ਹੈ? ਜੀ ਵਿਚ ਲਖਦੀ ਸੀ ਕਿ ਕੋਈ ਹੋਰ ਬਲਾ ਆ ਰਹੀ ਜਾਪਦੀ ਹੈ। ਜਿੱਕੁਰ ਹਨੇਰੀ ਵਗਣ ਤੋਂ ਪਹਿਲੇ ਪੈਣ ਹਿੱਲਣੋਂ ਬਿਲਕੁਲ ਬੰਦ ਹੋ ਜਾਂਦੀ ਹੈ, ਮਾਨੋਂ ਹੈ ਹੀ ਨਹੀਂ ਤਿਵੇਂ ਜਦ ਜਦ ਵਿਚਾਰੀ ਤੇ ਬਿਪਤਾ ਪਈ, ਪਹਿਲੇ ਪੂਰਨ ਚੁੱਪ ਚਾਪ ਜੇਹੀ ਨੇ ਮੂੰਹ ਦਿਖਾਇਆ ਤੇ ਫੇਰ ਬਿਪਤਾ ਨੇ ਆ ਦਬਾਇਆ। ਐਸੀਆਂ ਸੋਚਾਂ ਨੂੰ ਸੋਚਦੀ ਨੇ ਜਿਗਰ ਦੇ ਟੁਕੜੇ ਨੂੰ ਤਾਂ ਸੁਆ ਦਿੱਤਾ, ਪਰ ਆਪ ਬੈਠੀ ਪਾਠ ਲੱਗੀ ਕਰਨ। ਅੱਧੀ ਕੁ ਰਾਤ ਬੀਤ ਗਈ। ਬਾਣੀ ਦੇ ਪਾਠ ਦੀ ਮਧੁਰ ਸੁਰ ਨੇ ਬੈਕੁੰਠ ਦਾ ਪ੍ਰਭਾਉ ਬੰਨ੍ਹ ਦਿੱਤਾ ਅਰ ਉੱਚੜ ਚਿੱਤੀ ਲਾਉਣੇ ਵਾਲੀਆਂ ਘੜੀਆਂ ਆਨੰਦ ਵਿਚ ਬਿਤੀਤ ਹੋ ਗਈਆਂ। ਫਿਰ, ਸ਼ੀਲ ਕੌਰ ਨਾਮ ਸਿਮਰਦੀ ਅੰਦਰ ਜੁੜਦੀ ਗਈ, ਇੰਨਾਂ ਜੁੜੀ ਕਿ ਅੰਗ ਬੀ ਹਿੱਲਣੇਂ ਰਹਿ ਗਏ। ਅੰਦਰਲੇ ਦਾ ਸਹਿਜ ਰੌ ਵਾਹਿਗੁਰੂ ਜੀ ਵਿਚ ਲੱਗ ਕੇ ਜੁੜ ਗਿਆ। ਜਦ ਸਭ ਦੁਨੀਆਂ ਸੌਂ ਗਈ ਅਰ ਕੋਈ ਜਾਗਦਾ ਨਾ ਰਿਹਾ, ਬਿਨਾ ਰੋਗੀ ਤੇ ਜੋਗੀ ਦੇ, ਅਥਵਾ ਇਸ ਸਾਰੇ ਪਸਾਰੇ ਦੀ ਅੰਮਾਂ ਕੁਦਰਤ ਦੇ, ਤਦ ਸ਼ੀਲ ਕੌਰ ਦਾ ਬੂਹਾ ਖੜਕਿਆ ਪਰ ਉਹ ਹਿੱਲੀ ਨਾ। ਘੜੀ ਕੁ ਮਗਰੋਂ ਚੂਥੀ ਪੁੱਟੀ ਗਈ ਅਰ ਇਕ ਸਿਪਾਹੀ ਨੇ ਸੁਨਾਉਣੀ ਸੁਣਾਈ ਕਿ 'ਜਮਾਂਦਾਰ ਸਾਹਿਬ ਯਾਦ ਕਰਦੇ ਹਨ।' ਪਰ ਸ਼ੀਲ ਕੌਰ ਅਡੋਲ ਟਿਕੀ ਰਹੀ, ਉੱਤਰ ਤੱਕ ਨਹੀਂ ਮੂੰਹੋਂ ਨਿਕਲਿਆ, ਮਾਨੋ ਕੋਈ ਪੱਥਰ ਦੀ ਮੂਰਤੀ ਧਰੀ ਹੈ। ਜਿਉਂ