

ਟੋਇਆਂ ਵਿਚ ਕੀਤੇ ਕੁਕਰਮਾਂ ਦੇ ਡੰਗ ਵਜਦੇ ਜਾਣ, ਪਰ ਆਪਣੇ ਸਿਪਾਹੀਆਂ ਵਿਚ ਪਤਾ ਨਾ ਲੱਗ ਜਾਏ ਕਿ ਇਹ ਬੀ ਡਰ ਗਿਆ ਹੈ, ਇਸ ਲਈ ਹੌਸਲੇ ਦੀਆਂ ਗੱਲਾਂ ਕਰੀ ਜਾਵੇ। ਇੱਕੁਰ ਹੌਸਲਾ ਕਰਦਿਆਂ ਬੀ ਰੰਗ ਉਡਣ ਲੱਗ ਗਿਆ, ਧੀਰਜ ਵਾਲੀ ਸੂਰਤ ਬਣਾਵੇ ਪਰ ਬਣੇ ਨਾ। ਹੌਸਲੇ ਦਾ ਦਿਖਾਵਾ ਦੱਸਣ ਲਈ ਆਪ ਉਠੇ ਅਰ ਤੁਰੇ ਕਿ ਚਲੋ ਦੇਖੀਏ ਕੀ ਹੈ? ਜਾਂ ਆਪ ਬਾਹਰ ਨਿਕਲੇ ਤਾਂ ਇਕ ਬੁੱਲੇ ਨਾਲ ਦੀਵਾ ਬੁੱਝ ਗਿਆ, ਘਨਘੋਰ ਘਟਾ ਨਾਲ ਘਿਰੀ ਤੇ ਕਾਲੀ ਬੋਲੀ ਰਾਤ ਨੇ ਹੋਰ ਡਰ ਦਾ ਸਮਾਂ ਬੰਨ੍ਹ ਦਿੱਤਾ, ਕਿਸੇ ਪਾਸਿਓਂ ਉੱਲੂ ਦੀ ਆਵਾਜ਼ ਆਈ, ਕਲੇਜਾ ਹੋਰ ਸਹਿਮ ਗਿਆ। ਝੱਖੜ ਤਾਂ ਝੁੱਲ ਹੀ ਰਿਹਾ ਸੀ ਹੁਣ ਖੇਉਂਦਾ ਬੀ ਸੀ ਤੇ ਗੱਜਦਾ ਬੀ ਸੀ। ਹਨੇਰੇ ਵਿਚ ਗੋਲ ਗੋਲ ਛੱਲੇ ਅੱਖਾਂ ਅੱਗੇ ਆਉਣ, ਜੇ ਵੱਡੇ ਵੱਡੇ ਹੁੰਦੇ ਮੂੰਹ ਪਾੜ ਪਾੜ ਡਰਾਉਣ ਅਰ ਉੱਡਦੇ ਜਾਣ ਅਰ ਹੋਰ ਉਨ੍ਹਾਂ ਦੀ ਥਾਂ ਆਉਂਦੇ ਜਾਣ। ਛੇਕੜ ਫੇਰ ਕੱਜ ਕਜਾ ਕੇ ਦੀਵਾ ਆਇਆ ਫੇਰ ਤੁਰੇ, ਜਦ ਕੋਠੜੀ ਦੇ ਕੋਲ ਪਹੁੰਚੇ ਤਦ ਦੀਵੇ ਵਾਲੇ ਨੂੰ ਠੁੱਡਾ ਲੱਗਾ. ਦੀਵਾ ਡਿੱਗ ਪਿਆ ਤੇ ਚੁੱਕਣ ਵਾਲਾ ਢਹਿ ਪਿਆ। ਜਮਾਂਦਾਰ ਨੇ ਕੋਠੜੀ ਦੇ ਅੰਦਰ ਝਾਤ ਪਾਈ ਤਾਂ ਕੀ ਝਾਂਉਲਾ ਪਿਆ ਕਿ ਮਾਨੋਂ ਅੱਗ ਬਲ ਰਹੀ ਹੈ, ਪਰ ਬੀਬੀ ਤੇ ਉਸ ਦੇ ਪੁੱਤਰ ਨੂੰ ਸਾੜਦੀ ਨਹੀਂ। ਜਮਾਂਦਾਰ ਨੇ ਦਲੀਜਾਂ ਤੇ ਪੈਰ ਰੱਖਿਆ ਤਾਂ ਸੇਕ ਲੱਗਾ, ਡਰਕੇ ਪਿੱਛੇ ਹਟ ਖਲੋਤਾ। ਇਸ ਦੇ ਨਾਲ ਦਾ ਇਕ ਸਿਪਾਹੀ ਕੀ ਦੇਖਦਾ ਹੈ ਕਿ ਇਕ ਸ਼ੇਰ ਮਾਂ ਪੁੱਤ੍ਰਾਂ ਦੇ ਦੁਆਲੇ ਪਰਕ੍ਰਮਾਂ ਕਰ ਰਿਹਾ ਹੈ ਅਰ ਘੂਰ ਕੇ ਇਨ੍ਹਾਂ ਵੱਲ ਤੱਕਦਾ ਹੈ। ਫੇਰ ਉਸ ਨੂੰ ਐਉਂ ਲੱਗਾ ਕਿ ਸ਼ੇਰ ਗੱਜਿਆ ਅਰ ਸਿਪਾਹੀ ਡਰਕੇ ਡਿੱਗ ਪਿਆ। ਬਾਹਰ ਬਿਜਲੀ ਕੜਕ ਰਹੀ ਸੀ; ਅੰਦਰ ਬਿਜਲੀ ਦੀ ਲਿਸ਼ਕ ਨਾਲ ਭਰ ਗਿਆ ਸੀ; ਹੁਣ ਫੇਰ ਬਾਹਰੋਂ ਕੜਕਵੀਂ ਗਰਜ ਉੱਠੀ, ਝਾਉਲਾ ਪਿਆ ਕਿ ਇਕ ਕੋਈ ਅੱਲਾ ਵਾਲੇ ਸਾਹਿਬ ਖੜੇ ਹਨ, ਅਰ ਅਜ਼ਰਾਈਲ ਫ਼ਰਿਸ਼ਤੇ ਨੂੰ ਕੁਝ ਐਉਂ ਦਾ ਕਹਿ ਰਹੇ ਹਨ, “ਇਨ ਸਿਪਾਹੀਓਂ ਕੋ ਔਰ ਜਮਾਂਦਾਰ ਕੇ ਗੰਧਕ ਕੇ ਜਲਤੇ ਹੂਏ ਦੋਜ਼ਖ ਮੇਂ ਡਾਲ ਦੋ’। ਮੀਂਹ ਹੁਣ ਮੋਲ੍ਹੇਧਾਰ ਵੱਸ ਰਿਹਾ ਸੀ ਤੇ ਹਨੇਰੀ ਜ਼ੋਰ ਦੀ ਵਗ ਰਹੀ ਸੀ, ਸਿਪਾਹੀ ਨੂੰ ਕੀ ਝਾਂਵਲਾ ਪਿਆ ਕਿ ਫਰਿਸ਼ਤਾ ਗੁਰਜ ਉਲਾਰਦਾ ਹੈ, ਸਹਿਮ ਖਾ ਕੇ ਇਸ ਦਾ ਸਿਰ ਚਕਰਾਇਆ ਤੇ ਡਿੱਗ ਪਿਆ। ਜਮਾਂਦਾਰ ਭੈ ਭੀਤ ਹੋ ਰਿਹਾ ਸੀ, ਸੋਚ ਬੀ ਰਿਹਾ ਸੀ ਕਿ