Back ArrowLogo
Info
Profile

ਬਰਛਿਆਂ ਮਾਹਿ ਅਨੇਕ ਪੁਰੋਏ।

ਸੀਰਖੋਰ* ਤੜਫ਼ਾ ਇਮ ਕੋਹੇ।

(ਪੰਥ ਪ੍ਰਕਾਸ਼ ਪੰਨਾ ੭੧੦)

ਮਾਵਾਂ! ਹਾਇ ਪੁੱਤ੍ਰਾਂ ਦੀਆਂ ਪਿਆਰੀਆਂ ਮਾਵਾਂ, ਆਪਣੇ ਬੱਚਿਆਂ ਦੀ ਡਰਾਉਣੀ ਮੌਤ ਵੱਲ ਮੁਸ਼ਕਾਂ ਕੱਸੀਆਂ ਬੈਠੀਆਂ ਕਿਸ ਬੇ-ਬਸੀ ਨਾਲ ਦੇਖ ਰਹੀਆਂ ਹਨ। ਐਡੇ ਕਰੜੇ ਦੁੱਖ ਨੂੰ ਦੇਖ ਕੇ ਪਾਣੀ ਵੀ ਅੱਖਾਂ ਵਿਚ ਪੱਥਰ ਹੋ ਜਾਂਦਾ ਹੈ, ਪਰ ਬਹਾਦਰ ਸਿੰਘਣੀਆਂ ਦੇਖਦੀਆਂ ਹਨ ਤੇ ਆਖਦੀਆਂ ਹਨ: "ਵਾਹਿਗੁਰੂ! ਤੇਰੀ ਗੋਦ ਸਦਾ ਹਰੀ, ਸਦਾ ਹਰੀ ਗੋਦ ਵਿਚ ਲੈ ਲਓ ਆਪਣੇ ਬਾਲ।”

ਜਦ ਸ਼ੀਲ ਕੌਰ ਦੇ ਦੁਲਾਰੇ ਦੀ ਵਾਰੀ ਆਈ, ਤਦ ਮੀਰ ਮੰਨੂੰ ਉਸਦੀ ਸੁੰਦਰ ਸ਼ਕਲ ਵੇਖਕੇ ਐਦਾਂ ਚਕ੍ਰਿਤ ਹੋ ਕੇ ਠਿਠਰਿਆ ਕਿ ਜਿਵੇਂ ਅੱਗ ਦਾ ਭਬਾਕਾ ਠੰਢੇ ਜਲ ਦੇ ਪੈਣ ਤੇ ਠਰ ਜਾਂਦਾ ਹੈ। ਉਹ ਜਰਵਾਣੀ ਬੀ ਵੱਢੀ ਖਾਕੇ, ਜਿਸਦਾ ਹਾਲ ਪਿੱਛੇ ਕਿਹਾ ਹੈ, ਉਨ੍ਹਾਂ ਦੇ ਬਚਾਓ ਵਿਚ ਤਿਆਰ ਹੋਈ ਹੋਈ ਕਈ ਹੀਲੇ ਕਰਦੀ ਰਹੀ ਸੀ ਅਰ ਹੁਣ ਤੀਕ ਬਚਾਈ ਰੱਖਿਆ ਸਾਸੂ: ਪਰ ਸ਼ੋਕ! ਜ਼ਾਲਮ ਦੀ ਤਿੱਖੀ ਨਜ਼ਰ ਤੋਂ ਸੁਹਜ ਵਿਚ ਚਮਕਦੇ ਧਰਮੀਆਂ ਨੂੰ ਛਲਦੇ ਪਤਲੇ ਪਰਦੇ ਨਾਲ ਕੱਜ ਨਾ ਸਕੀ। ਦੇਖੀਏ ਮੰਨੂੰ ਇਨ੍ਹਾਂ ਨਾਲ ਕੀ ਕਰਦਾ ਹੈ? ਕੀ ਇਸਦੇ ਅੰਦਰ ਸਿਖਾਂ ਨਾਲ ਸਖ਼ਤੀ ਕਰਦੇ ਕਰਦੇ ਸਖ਼ਤੀ ਦੇ ਪਦਾਰਥ ਭਰ ਗਏ ਹਨ, ਅਰ ਸਾਰੇ ਔਗੁਣਾਂ ਵਿਚ ਬਦਲ ਗਏ ਹਨ? ਦਯਾ, ਤਰਸ, ਹਮਦਰਦੀ, ਜੀਵ ਰੱਖਿਆ ਕੋਈ ਉਸ ਅਪਾਹਜ ਹਿਰਦੇ ਵਿਚ ਬਾਕੀ ਨਹੀਂ ਜੋ ਸਾਡੀ ਦੁਖ੍ਯਾਰਨ ਸ਼ੀਲ ਲਈ ਸਿਫਾਰਸ਼ ਕਰੇ? ਪਰ ਸਿਆਣੇ ਆਖਦੇ ਹਨ ਕਿ ਬਾਜ਼ੇ ਵੇਲੇ ਬੁਰੇ ਕਾਰਨਾਂ ਤੋਂ ਭੀ ਭਲੇ ਕਾਰਜ ਨਿਕਲ ਪੈਂਦੇ ਹਨ, ਜੋ ਕਰਨੇ ਵਾਲੇ ਦੀ ਨਿਯਤ ਵਿਚ ਨਹੀਂ ਹੁੰਦੇ। ਸ਼ੀਲਾ ਦੀ ਸੁੰਦਰਤਾ ਦੇਖ ਕੇ ਕ੍ਰੋਧਾਤਰ ਹਿਰਦੇ ਵਿਚ ਭੈੜੀ ਵਾਸ਼ਨਾ ਉਪਜੀ ਅਰ ਸਿੰਘਣੀ ਨੂੰ ਬੇਗਮ ਬਨਾਉਣੇ ਦਾ ਸ਼ੌਕ ਪੈਦਾ ਹੋਇਆ; ਝੱਟ ਹੁਕਮ ਦੇ ਦਿੱਤਾ ਕਿ ਇਸ ਨੂੰ ਬੱਚੇ ਸਮੇਤ ਮਹਿਲਾਂ ਵਿਚ ਭੇਜ ਦਿਓ।

ਵਜ਼ੀਰ- ਹਜ਼ੂਰ! ਇਤਨੀ ਸਖ਼ਤੀ ਇਨ੍ਹਾਂ ਨਾਲ ਕੀਤੀ, ਪੁੱਤ੍ਰ ਮਾਰੇ, ਕਿਸੇ ਨੇ ਦੀਨ ਕਬੂਲ ਨਹੀਂ ਕੀਤਾ, ਇਹ ਕਿੱਕੁਰ ਕਬੂਲ ਕਰੇਗੀ?

–––––––––

* ਦੁੱਧ ਪੀਂਦੇ ਬੱਚੇ।

89 / 162
Previous
Next