

ਸੀਲਾ- ਸ੍ਰੀ ਵਾਹਿਗੁਰੂ! ਮੈਥੋਂ ਇਹ ਨਾ ਅਖਵਾਓ, ਉਂਞ ਜੇ ਸੇਵਾ ਚਾਹੇ, ਜੇ ਉਹ ਖਰੀ ਹੋਵੇ ਤਾਂ ਮੈਂ ਨਾਬਰ ਨਹੀਂ।
ਬੇਗਮ— ਆਓ ਫੇਰ ਜੇ ਨਹੀਂ ਕਹਿੰਦੇ, ਤਾਂ ਮੈਂ ਮੈਂ... ਹੱਥ ਕਟਾਰ ਦੇ ਦਸਤੇ ਤੇ ਜਾ ਪੁੱਜਾ)।
ਸੀਲਾ- ਵਾਹਿਗੁਰੂ ਜੀ! ਹੈ ਇਹ ਕੀ? (ਹੱਥ ਫੜ ਕੇ) ਭੈਣ ਕਹਿਣ ਵਿਚ ਮੈਨੂੰ ਕੋਈ ਉਜ਼ਰ ਨਹੀਂ, ਤੁਸੀਂ ਸਮਰੱਥ ਤੇ ਸੁਤੰਤਰ ਹੈ, ਨਿਬਾਹ ਸਕਦੇ ਹੈ, ਮੈਂ ਬੰਦੀ ਵਿਚ ਹਾਂ ਮੇਰਾ ਨਿਭਣਾ ਭੈਣ ਬਣ ਕੇ ਬਹੁਤ ਕਠਨ ਹੈ। ਮਿਤ੍ਰਤਾ ਬਰੱਬਰ ਦਿਆਂ ਵਿਚ ਤੇ ਖੁਲ੍ਹ ਵਿਚ ਪੁਗਦੀ ਹੈ। ਮੈਂ ਤੁਹਾਡੀ ਸੁਭਿਛਕ ਹਾਂ, ਪਰ ਭੈਣ ਮੂੰਹੋਂ ਨਾ ਕਢਵਾਓ।
ਬੇਗਮ- (ਕਟਾਰ ਕੱਢਕੇ) ਐਹ ਲਓ, ਜੇ ਨਹੀਂ ਮੰਨਦੇ ਤਾਂ ਮੈਂ।
ਸ਼ੀਲਾ- (ਹੱਥ ਫੜ ਕੇ) ਨਾ ਭੈਣ! ਇਹ ਕੰਮ ਨਾ ਕਰ, ਮੈਨੂੰ ਜੇ ਕਹੇ ਹਾਜ਼ਰ ਹਾਂ। 'ਭੈਣ` ਪਦ ਮੂੰਹੋਂ ਨਿਕਲਣ ਦੀ ਢਿੱਲ ਸੀ ਕਿ ਬੇਗਮ ਨੇ ਘੁੱਟ ਕੇ ਛਾਤੀ ਨਾਲ ਲਾ ਲਿਆ ਅਰ ਰੋ ਪਈ। ਪਿਆਰੀ ਭੈਣ! ਮੇਰੇ ਦਿਲ ਦਾ ਦੁਖ ਵੰਡਣ ਵਾਲੀ ਦਰਦਣ ਮੇਰੇ ਪਾਸ ਕੋਈ ਨਹੀਂ! ਮੇਰੇ ਉਦਾਲੇ ਨੌਕਰਾਣੀਆਂ ਤੇ ਮਤਲਬ ਨੂੰ ਪ੍ਯਾਰ ਕਰਨ ਵਾਲੀਆਂ ਤੇਰੀਆਂ ਹਨ, ਪਰ ਅੱਜ ਖੁਦਾ ਨੇ ਤੂੰ ਮੇਲੀ ਹੈਂ ਸ਼ੁਕਰ ਹੈ ਉਸ ਦੀ ਦਰਗਾਹ ਦਾ ਜਿਨ੍ਹੇ ਮੇਰੇ ਹਾਲ ਤੇ ਰਹਿਮ ਕੀਤਾ ਹੈ।
ਸ਼ੀਲਾ- ਸ਼ੁਕਰ ਦੀ ਥਾਂ ਤਾਂ ਮੈਨੂੰ ਹੈ ਜਿਸ ਦਾ ਐਸੇ ਵੇਲੇ ਅਕਾਲ ਪੁਰਖ ਤੋਂ ਛੁੱਟ ਕੋਈ ਦਰਦੀ ਨਹੀਂ, ਸੋ ਉਸ ਮਿਹਰਾਂ ਵਾਲੇ ਸਾਂਈਂ ਨੇ ਐਸੀ ਔਕੜ ਦੇ ਵੇਲੇ ਤੁਹਾਨੂੰ ਮੇਰਾ ਸੱਜਣ ਬਣਾਇਆ ਹੈ ਕਿ ਜਿਸ ਵੇਲੇ ਕੋਈ ਕਿਸੇ ਦਾ ਨਹੀਂ ਬਣਦਾ। ਇਸ ਭਾਰੀ ਪ੍ਰਣ ਨੂੰ ਜੋ ਅੱਜ ਮੈਂ ਧਾਰ ਲਿਆ ਹੈ । ਕਰਤਾਰ ਸਿਰੇ ਚੜ੍ਹਾਵੇ, ਮੇਰੇ ਵਿਚ ਸਮਰੱਥਾ ਨਹੀਂ, ਪਰ ਗੁਰੂ ਮੇਰੀ ਟੇਕ ਰੱਖੇ। ਹਾਂ, ਇਕ ਧਰਮ ਤੁਸੀਂ ਬੀ ਮੇਰੇ ਨਾਲ ਪਾਲਣ ਦਾ ਕੌਲ ਕਰੋ!
ਬੇਗਮ- ਦੱਸੇ ਭੈਣ ਜੀ! ਮੈਂ ਤੁਸਾਂ ਦੇ ਸੁਖ ਵਿਚ ਸੁਖ ਮਨਾਵਾਂਗੀ।
ਸ਼ੀਲਾ- ਇਸ ਕੈਦ ਵਿਚ, ਜਿਸ ਵਿਚ ਮੈਂ ਹਾਂ, ਮੇਰੇ ਸਤਿ ਧਰਮ ਦੀ ਰਾਖੀ ਤੁਸੀਂ ਕਰਨੀ ਹੋਵੇਗੀ। ਮੇਰੀ ਜਿੰਦ ਜਾ ਕੇ ਬੀ ਜੇ ਧਰਮ ਬਚੇ ਤਾਂ ਤੂੰ ਮੇਰੀ ਭੈਣਾਂ ਵਾਂਙੂ ਸਹਾਇਤਾ ਕਰੇਂਗੀ।
ਬੇਗਮ— ਅੱਲਾ ਮੇਰਾ ਜ਼ਾਮਨ। ਤੈਨੂੰ ਤੇ ਤੇਰੇ ਧਰਮ ਨੂੰ, ਜਦ ਤਾਂਈਂ ਮੇਰੇ ਦਮ ਵਿਚ ਦਮ ਹੈ, ਤੱਤੀ ਵਾ ਨਾ ਲੱਗਣ ਦਿਆਂਗੀ।