

ਪ੍ਰਵੇਸ਼: ਜੇ ਤੁਸੀਂ ਮੇਰਾ ਮਨ ‘ਪੜ੍ਹ’ ਸਕਦੇ !
ਕਿਸੇ ਲਈ ਵੀ ਇਸ ਤੋਂ ਵੱਧ ਹੋਰ ਦਿਲ ਖਿੱਚਵੀਂ ਕੋਈ ਗੱਲ ਨਹੀਂ ਹੋ ਸਕਦੀ ਕਿ ਉਹ ਇਹ ਸਮਝ ਲਵੇ ਕਿ ਉਸ ਦਾ ਸਰੀਰ ਕਿਸ ਭਾਸ਼ਾ ਵਿਚ ਗੱਲ ਕਰ ਰਿਹਾ ਹੈ। ਅੱਗੇ ਆਉਣ ਵਾਲੇ 7 ਪਾਠਾਂ ਵਿਚ ਅਸੀਂ ਤੁਹਾਨੂੰ ਇਤਨਾ ਕੁ ਗਿਆਨ ਦੇ ਦਿਆਂਗੇ ਕਿ ਤੁਸੀਂ ਭਰੋਸੇ ਨਾਲ ਦੂਜਿਆਂ ਦੇ ਸਰੀਰ ਦੀ ਭਾਸ਼ਾ ਸਮਝ ਸਕੋ। ਇਹੀ ਨਹੀਂ, ਤੇ ਮੇਰਾ ਖਿਆਲ ਹੈ ਇਹ ਹੋਰ ਵੀ ਮਹੱਤਵਪੂਰਨ ਹੈ, ਤੁਸੀਂ ਆਪਣੇ ਸਰੀਰ ਵਲੋਂ ਕਹੀਆਂ ਜਾ ਰਹੀਆਂ ਗੱਲਾਂ ਤੋਂ ਵੀ ਜਾਣੂ ਹੋ ਸਕੋਗੇ। ਅਸੀਂ ਤੁਹਾਨੂੰ ਸਿਖਾਵਾਂਗੇ ਕਿ ਕਿਵੇਂ ਦੇਖਣਾ ਹੈ ਤੇ ਕਿਵੇਂ ਸੁਣਨਾ ਹੈ।
ਮੈਂ ਸ਼ੁਰੂ ਵਿਚ ਹੀ ਤੁਹਾਨੂੰ ਇਕ ਗੱਲ ਯਾਦ ਰੱਖਣ ਲਈ ਕਹਿਣੀ ਚਾਹੁੰਦਾ ਹਾਂ: ਸਰੀਰ ਦੀ ਭਾਸ਼ਾ ਦਾ ਵਿਗਿਆਨ ਬਿਲਕੁਲ ਸਹੀ ਵਿਗਿਆਨ (Exact Science) ਨਹੀਂ ਹੈ। ਜਦੋਂ ਵੀ ਤੁਹਾਡਾ ਵਾਸਤਾ ਇਨਸਾਨ ਵਰਗੀਆਂ ਗੁੰਝਲਦਾਰ ਚੀਜ਼ਾਂ ਨਾਲ ਪੈਂਦਾ ਹੈ ਤਾਂ ਕਿਸੇ ਵੀ ਗੱਲ ਨੂੰ ਬਿਲਕੁਲ ਆਸਾਨੀ ਨਾਲ ਸਮਝਿਆ ਤੇ ਹੱਲ ਨਹੀਂ ਕੀਤਾ ਜਾ ਸਕਦਾ। ਇਸੇ ਕਰਕੇ ਹੀ ਅਸੀਂ ਅੱਗੇ ਜਾ ਕੇ ਸਮਝਾਂਗੇ ਕਿ ਜੇ ਕਿਸੇ ਵੀ ਸਹੀ ਨਤੀਜੇ ਤੇ ਪਹੁੰਚਣਾ ਹੋਵੇ ਤਾਂ ਇਕ ਤੋਂ ਵੱਧ ਵਰਤਾਉ (ਤੌਰ ਤਰੀਕਾ, ਵਤੀਰਾ ਜਾਂ ਵਿਉਹਾਰ-Behaviour) ਨੂੰ ਇਕੱਠਾ ਕਰ ਕੇ ਸਮਝਣ ਦੀ ਲੋੜ ਹੁੰਦੀ ਹੈ। ਜੇ ਕਰ ਅਸੀਂ ਐਸਾ ਨਹੀਂ ਕਰਾਂਗੇ ਤਾਂ ਫਿਰ 1D 1OT ਵਾਲੀਆਂ ਗਲਤੀਆਂ ਹੀ ਕਰਦੇ ਰਹਾਂਗੇ। ਸਭ ਤੋਂ ਪਹਿਲਾਂ ਅਗਲੇ ਸਫੇ ਤੇ ਦਿੱਤੇ ਗਏ ਚਿੱਤਰ ਨੂੰ ਦੇਖੋ। ਸ਼ਾਇਦ ਇਸ ਵਿਚ ਤੁਹਾਨੂੰ ਆਪਣੇ ਆਪ ਦੇ ਝਲਕਾਰੇ ਪੈਣ।
ਸਰੀਰ ਦੀ ਭਾਸ਼ਾ ਨੂੰ ਨਕਲੀ ਬਣਾਉਣਾ ਜਾਂ ਬਦਲ ਕੇ ਕੁਝ ਹੋਰ ਬਣਾਉਣਾ ਸੌਖਾ ਕੰਮ ਨਹੀਂ। ਇਨਸਾਨ ਦੇ ਸਰੀਰ ਵਿਚ ਬਹੁਤ ਸਾਰੇ ਪੱਠੇ ਜਾਂ ਮਾਸਪੇਸ਼ੀਆਂ ਹੁੰਦੀਆਂ ਹਨ। ਕਿਸੇ ਵੀ ਇਕੋ ਸਮੇਂ ਤੇ ਇਨ੍ਹਾਂ ਸਾਰਿਆਂ ਵਲੋਂ ਕੀਤੇ ਜਾ ਰਹੇ ਕੰਮ ਬਾਰੇ ਚੇਤੰਨ ਹੋਣਾ ਅਸੰਭਵ ਹੈ। ਇਸ ਵਿਚ ਚਿਹਰੇ ਦੇ ਪੱਠੇ ਵੀ ਸ਼ਾਮਲ ਹਨ। ਸਾਡੀਆਂ ਅਸਲ ਤੇ ਧੁਰ ਅੰਦਰ ਦੀਆਂ ਭਾਵਨਾਵਾਂ ਕਿਸੇ ਨਾ ਕਿਸੇ ਢੰਗ ਨਾਲ ਬਾਹਰ ਆ ਹੀ ਜਾਂਦੀਆਂ ਹਨ (ਜਾਂ ਇਹ ਕਹਿ ਲਈਏ ਕਿ 'ਲੀਕ' ਹੋ ਜਾਂਦੀਆਂ ਹਨ) ਭਾਵੇਂ ਅਸੀਂ ਕਿੰਨਾ ਹੀ ਆਪਣੇ ਸਰੀਰ ਨੂੰ ਆਪਣੇ ਕਾਬੂ ਹੇਠ ਕੀਤਾ ਹੋਇਆ ਸਮਝ ਲਈਏ।
“ਸਰੀਰ ਦੀ ਭਾਸ਼ਾ ਨੂੰ ਨਕਲੀ ਬਣਾਉਣਾ ਸੌਖਾ ਕੰਮ ਨਹੀਂ।”
ਤਾਂ ਫਿਰ ਆਉ ਸਰੀਰ ਦੀ ਭਾਸ਼ਾ ਦੀ ਦੁਵੱਲੀ ਸੜਕ ਨੂੰ ਸੰਖੇਪ ਵਿਚ ਸਮਝੀਏ ਤੇ ਇਹ ਸਮਝੀਏ ਕਿ ਇਹ ਸਾਡੇ ਲਈ ਇੰਨੀ ਮਹੱਤਵਪੂਰਨ ਕਿਉਂ ਹੈ।