

ਅਸੀਂ ਦੂਜੇ ਨਾਲ ਨਜ਼ਰ ਘੱਟ ਮਿਲਾਉਂਦੇ ਹਾਂ, ਸਾਡੇ ਮੋਢੇ ਅਕੜਾਹਟ ਵਿਚ ਆ ਜਾਂਦੇ ਹਨ ਅਤੇ ਲੱਤਾਂ ਬਾਹਵਾਂ ਇਕ ਦੂਜੇ ਵਿਚ ਫਸੀਆਂ ਹੁੰਦੀਆਂ ਹਨ (Folded ) । ਇਹ ਸਾਰੇ ਲੱਛਣ ਇਕ ਨਕਾਰਾਤਮਕ ਹਾਲਤ ਦੇ ਹੀ ਹੁੰਦੇ ਹਨ।
ਹੁਣ ਜ਼ਰਾ ਰੁਕੋ ਅਤੇ ਜੋ ਵੀ ਗੱਲ ਅਸੀਂ ਉੱਪਰ ਕੀਤੀ ਹੈ, ਇਸ ਵਲ ਦੁਬਾਰਾ ਧਿਆਨ ਦਿਉ। ਕੀ ਤੁਸੀਂ ਵੀ ਆਪਣੇ ਸਰੀਰ ਨੂੰ ਵੱਖੋ ਵੱਖਰੇ ਸਮੇਂ ਤੇ ਇਨ੍ਹਾਂ ਦੋਹਾਂ ਹਾਲਤਾਂ ਵਿਚ ਲਿਆਉਂਦੇ ਹੋ? ਮੇਰਾ ਖਿਆਲ ਹੈ ਤੁਹਾਡਾ ਜੁਆਬ ਹਾਂ ਵਿਚ ਹੀ ਹੋਵੇਗਾ।

ਅੱਖਾਂ ਦੀਆਂ ਹੋਰ ਹਰਕਤਾਂ
ਅਸੀਂ ਆਪਣੀਆਂ ਅੱਖਾਂ ਝਪਕਣ ਦੀ ਕਿਰਿਆ ਵਿਚ ਕੁਝ ਤਬਦੀਲੀ ਕਰਕੇ ਆਪਣੀਆਂ ਅੱਖਾਂ ਨੂੰ ਬਾਰ ਬਾਰ ਕੁੱਝ ਪਲਾਂ ਲਈ ਬੰਦ ਕਰਦੇ ਹਾਂ, ਬਿਲਕੁਲ ਉਸੇ ਤਰ੍ਹਾਂ ਹੀ ਅਸੀਂ ਕਿਸੇ ਗੱਲ ਵਿਚ ਆਪਣੀ ਬੇਰੁਚੀ ਪ੍ਰਗਟਾਉਣ ਲਈ ਆਪਣੀਆਂ ਨਜ਼ਰਾਂ ਹੇਠਾਂ ਵੱਲ ਝੁਕਾ ਲੈਂਦੇ ਹਾਂ। ਕਈ ਵਾਰੀ ਅਸੀਂ ਐਸਾ ਉਸ ਵੇਲੇ ਕਰਦੇ ਹਾਂ ਜਦੋਂ ਕੋਈ ਗੱਲਬਾਤ ਸਾਡੇ ਲਈ ਔਖੀ ਹੋ ਜਾਵੇ ਤੇ ਸਾਡੇ ਕੋਲ ਕੋਈ ਜੁਆਬ ਨਾ ਹੋਵੇ। ਪਰ ਕਈ ਵਾਰੀ ਅਸੀਂ ਆਪਣੀਆਂ ਨਜ਼ਰਾਂ ਇਸ ਲਈ ਝੁਕਾਉਂਦੇ ਹਾਂ ਤਾਂਕਿ ਦੂਜਾ ਵਿਅਕਤੀ ਇਕ ਵਾਰੀ ਫਿਰ ਗੱਲਬਾਤ ਆਪਣੇ ਹੱਥ ਵਿਚ ਲੈ ਲਵੇ ਤੇ ਸਾਡੀ ਇਸ ਵਿਚ ਦੁਬਾਰਾ ਰੁਚੀ ਪੈਦਾ ਕਰੇ। ਕਈ ਵਾਰੀ ਤੁਸੀਂ ਕਿਸੇ ਨੂੰ ਐਸਾ ਸਵਾਲ ਪੁੱਛਦੇ ਹੋ ਜਿਸ ਦਾ ਜੁਆਬ ਉਹ ਨਾ ਦੇਣਾ ਚਾਹੁੰਦਾ ਹੋਵੇ, ਤਾਂ ਵੀ ਉਹ ਸਿਰ ਝਕਾ ਕੇ ਜ਼ਮੀਨ ਵੱਲ ਦੇਖਣਾ ਸ਼ੁਰੂ ਕਰ ਦਿੰਦਾ ਹੈ।