

ਇਨ੍ਹਾਂ ਦੀਆਂ ਖੋਜਾਂ ਤੋਂ ਇਕ ਨਤੀਜਾ ਤਾਂ ਸਿੱਖਣਾ ਹੀ ਚਾਹੀਦਾ ਹੈ ਕਿ ਜਿਹੜੇ ਵਿਅਕਤੀ ਆਪਣੇ ਚਿਹਰਿਆਂ ਤੇ ਘੂਰੀ ਵੱਟ ਕੇ, ਜਾਂ ਨਿੰਮੋਝੂਣੇ ਜਾਂ ਉਪਰਾਮ, ਜਾਂ ਕੋਈ ਹੋਰ ਨਕਾਰਾਤਮਕ ਹਾਵ ਭਾਵ ਲੈ ਕੇ ਤੁਰੇ ਫਿਰਦੇ ਹਨ, (ਕਈਆਂ ਨੂੰ ਤਾਂ ਵਿਚਾਰਿਆਂ ਨੂੰ ਪਤਾ ਵੀ ਨਹੀਂ ਹੁੰਦਾ ਅਤੇ ਕਈਆਂ ਨੇ ਆਪਣਾ ਸੁਭਾਅ ਹੀ ਐਸਾ ਬਣਾ ਲਿਆ ਹੁੰਦਾ ਹੈ) ਉਨ੍ਹਾਂ ਸਾਰਿਆਂ ਨੂੰ ਐਸਾ ਕਰਨਾ ਇਕ ਦਮ ਬੰਦ ਕਰ ਦੇਣਾ ਚਾਹੀਦਾ ਹੈ। ਪਰ ਕਿਉਂ?
ਹੁਣ ਤੱਕ ਇਹੀ ਮੰਨਿਆ ਜਾਂਦਾ ਸੀ, ਜਾਂ ਇਹੀ ਸਮਝਿਆ ਜਾਂਦਾ ਸੀ, ਕਿ ਚਿਹਰਾ ਸਾਡੀਆਂ ਭਾਵਨਾਵਾਂ ਦਾ ਸ਼ੀਸ਼ਾ ਹੁੰਦਾ ਹੈ। ਚਿਹਰੇ ਤੇ ਉਹੀ ਹਾਵ-ਭਾਵ ਆਉਂਦੇ ਹਨ ਜਿਹੜੇ ਸਾਡੇ ਅੰਦਰ ਹੁੰਦੇ ਹਨ। ਇਹੀ ਸਮਝਿਆ ਜਾਂਦਾ ਸੀ ਕਿ ਪਹਿਲਾਂ ਸਾਡੇ ਅੰਦਰ ਕੋਈ ਭਾਵਨਾ (ਮੰਨ ਲਉ ਖੁਸ਼ੀ) ਆਉਂਦੀ ਹੈ, ਫਿਰ ਇਸ ਨੂੰ ਪ੍ਰਗਟ ਕਰਨ ਵਾਲੇ ਹਾਵ ਭਾਵ ਸਾਡੇ ਚਿਹਰੇ ਤੇ ਆਉਂਦੇ ਹਨ।
ਪਰ ਇੱਕ ਚੰਗੀ ਖਬਰ ਹੈ ਜਿਹੜੀ ਹਰ ਐਸੇ ਵਿਅਕਤੀ ਤੱਕ ਪਹੁੰਚਣੀ ਚਾਹੀਦੀ ਹੈ ਜਿਹੜਾ ਉਦਾਸ ਤੇ ਨਿੰਮੋਝੂਣਾ ਮੂੰਹ ਬਣਾਈ ਰੱਖਦਾ ਹੈ। ਮੇਰਾ ਖਿਆਲ ਹੈ ਕਿ ਤੁਹਾਨੂੰ ਦੁਕਾਨਾਂ ਦੇ ਸੇਲਜ਼ਮੈਨ, ਬੈਰੇ, ਬੈਂਕਾਂ ਦੇ ਕਲਰਕ, ਸਿਨਮੇ ਦੀਆਂ ਟਿਕਟਾਂ ਦੇਣ ਵਾਲੇ ਕਲਰਕ, ਚੌਕੀਦਾਰ, ਤੁਹਾਡੇ ਕੰਮ ਵਿਚਲੇ ਸਾਥੀ ਜਾਂ ਬੌਸ (ਅਤੇ ਹੋਰ ਵੀ ਬਹੁਤ ਸਾਰੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ—ਸ਼ਾਇਦ ਤੁਸੀਂ ਆਪ ਵੀ) ਯਾਦ ਆ ਗਏ ਹੋਣਗੇ। ਇਨ੍ਹਾਂ ਸਭ ਨੂੰ ਇਹ ਦੱਸੋ:
ਹੈ ਨਾ ਇਕ ਜਾਦੂ ਵਾਲੀ ਗੱਲ! ਸੋ ਨਵੀਆਂ ਖੋਜਾਂ ਨੇ ਸਾਡੀ ਸੋਚ-ਸਮਝ ਨੂੰ ਉਥਲ ਪੁਥਲ ਕਰ ਦਿੱਤਾ ਹੈ। ਤਾਂ ਕੀ ਸਾਡੇ ਹਾਵ ਭਾਵ ਸਾਡੇ ਅੰਦਰ ਭਾਵਨਾ ਪੈਦਾ ਕਰ ਸਕਦੇ ਹਨ? ਜੁਆਬ ਹਾਂ ਵਿਚ ਹੈ!
“ ਕੀ ਸਾਡੇ ਹਾਵ ਭਾਵ ਸਾਡੇ ਅੰਦਰ ਉਹੀ ਭਾਵਨਾ ਪੈਦਾ ਕਰ ਸਕਦੇ ਹਨ?"
ਐਕਮੈਨ ਵਲੋਂ ਦਸੀਆਂ ਗਈਆਂ ਛੇ ਭਾਵਨਾਵਾਂ ਲਈ ਸਾਡੀ ਖੁਦਮੁਖਤਾਰ ਤੰਤੂ ਪ੍ਰਣਾਲੀ (Autonomous Nervous System-ANS) ਵਿਚ ਆਉਣ ਵਾਲੀਆਂ ਤਬਦੀਲੀਆਂ ਸਮਝਣ ਲਈ ਤਜਰਬੇ ਕੀਤੇ ਗਏ। ਇਨ੍ਹਾਂ ਨਾਲ ਸਾਡੇ ਦਿਲ ਦੀ ਧੜਕਣ ਦੀ ਗਤੀ, ਸਾਹ, ਸਰੀਰਕ ਤਾਪਮਾਨ ਤੇ ਐਸੀਆਂ ਹੋਰ ਚੀਜ਼ਾਂ ਵਿਚ ਤਬਦੀਲੀਆਂ ਆਉਂਦੀਆਂ ਹਨ।