

ਬਾਹਾਂ ਮੋੜਨ ਦੀਆਂ ਕਿਸਮਾਂ
ਬਾਹਾਂ ਮੋੜਨ ਬਾਰੇ ਇਕ ਬੜੀ ਮਹੱਤਵਪੂਰਨ ਗੱਲ ਹੈ ਕਿ ਜਦੋਂ ਤੱਕ ਉਹ ਵਿਅਕਤੀ ਇਸੇ ਮੁਦਰਾ ਵਿਚ ਰਹਿੰਦਾ ਹੈ, ਉਦੋਂ ਤੱਕ ਉਸ ਵਿਅਕਤੀ ਦੀ ਮਾਨਸਿਕ ਹਾਲਤ ਵੀ ਉਸੇ ਤਰ੍ਹਾਂ ਦੀ ਹੀ ਰਹਿੰਦੀ ਹੈ।
ਬਾਹਾਂ ਮੋੜਨ ਦੀ ਇਕ ਕਿਸਮ ਉਹ ਵੀ ਹੈ ਜਿਸ ਵਿਚ ਉਹ ਵਿਅਕਤੀ ਬਾਹਾਂ ਨੂੰ ਘੁੱਟ ਕੇ ਫੜ ਲੈਂਦਾ ਹੈ। ਦੋਵੇਂ ਹੱਥ ਦੋਵੇਂ ਬਾਹਵਾਂ ਦੇ ਉਪਰਲੇ ਹਿੱਸੇ ਨੂੰ ਘੁੱਟ ਕੇ ਫੜੀ ਰੱਖਦੇ ਹਨ ਜਿਵੇਂ ਕਿਤੇ ਉਹ ਇਹ ਪੱਕਾ ਕਰਨਾ ਚਾਹੁੰਦੇ ਹੋਣ ਕਿ ਬਾਹਵਾਂ ਉਪਰ ਵੱਲ ਨੂੰ ਉੱਠ ਨਾ ਜਾਣ। ਇਹ ਬਿਲਕੁਲ ਉਵੇਂ ਹੀ ਹੈ ਜਿਵੇਂ ਕਿਸੇ ਵਿਅਕਤੀ ਨੇ ਕੁਰਸੀ ਦੀਆਂ ਬਾਹਵਾਂ ਘੁੱਟ ਕੇ ਫੜੀਆਂ ਹੋਣ। ਉਹ ਵਿਅਕਤੀ ਅਤਿ ਦੇ ਤਣਾਅ ਅਤੇ ਪ੍ਰੇਸ਼ਾਨੀ ਵਿਚ ਹੁੰਦਾ ਹੈ, ਜਾਂ ਉਹ ਕਿਸੇ ਮਾੜੀ ਘਟਨਾ ਦੇ ਡਰ ਵਿਚ ਬੈਠਾ ਹੁੰਦਾ ਹੈ। ਤੁਸੀਂ ਐਸੀ ਮੁਦਰਾ ਅਕਸਰ ਉਦੋਂ ਦੇਖ ਰਹੇ ਹੁੰਦੇ ਹੋ ਜਦੋਂ ਕਿਸੇ ਯੂਨੀਅਨ ਦੀਆਂ ਤਨਖਾਹ ਬਾਰੇ ਗੱਲਬਾਤ ਲਈ ਮੀਟਿੰਗਾਂ ਚਲ ਰਹੀਆਂ ਹੋਣ ਅਤੇ ਨੇਤਾ ਉਨ੍ਹਾਂ ਸਾਥੀਆਂ ਨਾਲ ਗੱਲ ਕਰ ਰਹੇ ਹੋਣ ਜਿਹੜੇ ਖੁਸ਼ ਨਾ ਹੋਣ। ਜੇ ਕਰ ਤੁਸੀਂ ਵੀ ਐਸੀ ਮੁਦਰਾ ਬਣਾ ਕੇ ਰੱਖਦੇ ਹੋ ਤਾਂ ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਤੁਸੀਂ ਆਪਣਾ ਕੀ ਪ੍ਰਭਾਵ ਛੱਡ ਰਹੇ ਹੋ।
ਫਿਰ ਕਈ ਵਾਰੀ ਤੁਸੀਂ ਬਾਹਾਂ ਮੋੜੀਆਂ ਹੋਈਆਂ ਦੇਖੋਗੇ ਜਦੋਂ ਹੱਥਾਂ ਨੇ ਬਾਹਵਾਂ ਹੇਠਾਂ ਮੁੱਕੇ ਵੱਟੇ ਹੋਏ ਹੁੰਦੇ ਹਨ। ਇਹ ਤਾਂ ਸੁਣਨ ਵਿਚ ਹੀ ਖਤਰਨਾਕ ਲਗਦਾ ਹੈ! ਹੁਣ ਉਹ ਵਿਅਕਤੀ ਸਿਰਫ ਤੁਹਾਡੇ ਤੋਂ ਬਚ ਹੀ ਨਹੀਂ ਰਿਹਾ ਸਗੋਂ ਉਹ ਤਾਂ ਹਮਲਾ ਕਰਨ ਲਈ ਵੀ ਤਿਆਰ ਬੈਠਾ ਹੈ। ਉਸ ਦੀ ਇਹ ਭਾਵਨਾ ਚਿਹਰੇ ਦੇ ਹਾਵ ਭਾਵ ਤੋਂ ਵੀ ਸਹੀ ਕੀਤੀ ਜਾ ਸਕਦੀ ਹੈ ਅਤੇ ਲੱਤਾਂ-ਪੈਰਾਂ ਦੀਆਂ ਹਰਕਤਾਂ ਤੋਂ ਵੀ ਪੱਕੀ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਗਲਬਾਤ ਦਾ ਨਤੀਜਾ ਮਿਲਵਰਤਨ-ਮਿਠਾਸ ਵਾਲਾ ਕੱਢਣਾ ਚਾਹੁੰਦੇ ਹੋ ਤਾਂ ਇਕ ਗੱਲ ਦਾ ਧਿਆਨ ਰੱਖੋ ਕਿ ਕਿਤੇ ਤੁਸੀਂ ਉਨ੍ਹਾਂ ਵਾਲੀ ਮੁਦਰਾ ਹੀ ਨਾ ਬਣਾ ਲਵੋ। ਸਗੋਂ ਤੁਸੀਂ ਆਪਣੀ ਸਰੀਰਕ ਭਾਸ਼ਾ ‘ਖੁਲ੍ਹੀ' ਰੱਖੋ ਤਾਂਕਿ ਉਹ ਵਿਅਕਤੀ ਵੀ ਖੁਲ੍ਹ ਕੇ ਗੱਲ ਕਰੇ ਅਤੇ ਆਪਣੀਆਂ ਐਸੀਆਂ ਭਾਵਨਾਵਾਂ ਪੈਦਾ ਹੋਣ ਦਾ ਕਾਰਨ ਦੱਸੇ। ਇਹ ਭਾਵਨਾਵਾਂ ਕੀ ਹਨ, ਇਹ ਤਾਂ ਤੁਸੀਂ ਹੁਣ ਤੱਕ ਸਮਝ ਹੀ ਚੁੱਕੇ ਹੋਵੋਗੇ, ਇਨ੍ਹਾਂ ਦਾ ਕਾਰਨ ਲੱਭੋ। ਤੁਸੀਂ ਇਸ ਮੁਦਰਾ ਵਿਚ ਪੁਲੀਸਮੈਨਾਂ, ਰਖਿਅਕਾਂ, ਗਾਰਡਾਂ ਅਤੇ ਬਾਊਂਸਰਾਂ ਨੂੰ ਅਕਸਰ ਦੇਖੋਗੇ ਅਤੇ ਇਹ ਉਨ੍ਹਾਂ ਨੇ ਜਾਣ ਕੇ ਕੀਤਾ ਹੁੰਦਾ ਹੈ ਤਾਂਕਿ ਲੋਕ ਉਨ੍ਹਾਂ ਦੀ ਨੀਅਤ ਸਮਝ ਜਾਣ।
ਬਾਹਵਾਂ ਮੋੜਨ ਦੀ ਇਕ ਹੋਰ ਮੁਦਰਾ ਵੀ ਦੇਖੀ ਗਈ ਹੈ ਜਿਸ ਵਿਚ ਅੰਗੂਠਾ ਉਪਰ ਵੱਲ ਨੂੰ ਕੀਤਾ ਹੋਇਆ ਹੁੰਦਾ ਹੈ। ਮੈਂ ਬਹੁਤ ਵਾਰੀ ਵਪਾਰੀਆਂ ਨੂੰ ਇਸ ‘ਮੁਦਰਾ' ਵਿਚ ਦੇਖਿਆ ਹੈ ਜਦੋਂ ਉਹ ਆਪਣੇ ਗਾਹਕਾਂ ਕੋਲ ਆਪਣੀ ਜ਼ਿਆਦਾ ਕੀਮਤ ਨੂੰ ਸਹੀ ਠਹਿਰਾ ਰਹੇ ਹੋਣ, ਜਾਂ ਕਿਸੇ ਮੁਸੀਬਤ ਵਿਚ ਫਸੇ ਆਦਮੀ ਨਾਲ ਕੋਈ ਕਾਰ ਦਾ ਮਕੈਨਿਕ ਗੱਲ ਕਰ ਰਿਹਾ ਹੋਵੇ।