੧ਓ ਵਾਹਿਗੁਰੂ ਜੀ ਕੀ ਫ਼ਤਹ ॥ ***
ਚਰਨ ਕਮਲ ਕੀ ਮਉਜ :
(ੳ)
ਅਕਾਲ ਪੁਰਖ ਦਾ ਸਰੂਪ
ਨਾਮ-ਰਸਕ ਵੈਰਾਗੀ, ਨਾਮ-ਰਹੱਸ ਅਨੁਰਾਗੀ ਵਾਹਿਗੁਰੂ ਦੇ ਦਰਸ-ਮੁਸ਼ਤਾਕ, ਦਰਸ-ਹੁਸ਼ਨਾਕ ਭਉਰਿਆਂ ਨੂੰ ਹੀ ਚਰਨ ਕਮਲ ਕੀ ਮਉਜ ਮਾਨਣ ਦੀ ਅਗੰਮੀ ਮਹਿਮਾ ਦਾ ਸਦ-ਰਿਦ-ਵਿਸ਼ਵਾਸ ਭਰੋਸਾ ਹੋ ਸਕਦਾ ਹੈ । ਨਾਮ-ਰਸ ਤੋਂ ਵਾਂਜਿਆਂ, ਕੋਰਿਆਂ, ਕੋਰੜ ਮੋਠ ਮਨਾਂਜਿਆਂ (ਮਨਾਂ-ਵਾਲਿਆਂ) ਨੂੰ 'ਚਰਨ ਕਮਲ ਕੀ ਮਉਜ ਦਾ ਅਹਿਸਾਸ ਹੀ ਕੀ ? ਗੂੜ੍ਹ ਗੁਰਮਤਿ ਦੀ ਕਸ਼ਫ਼ ਕਮਾਲ ਕਰਨੀ ਤੋਂ ਅਨਜਾਣਾਂ ਨੂੰ 'ਚਰਨ' ਯਾ ‘ਚਰਨ ਕਮਲ' ਪਦ ਦਾ ਵਾਹਿਗੁਰੂ ਅਕਾਲ ਪੁਰਖ ਦੀ ਹਸਤੀ ਨਾਲ ਮਨਸੂਬ (ਸੰਬੰਧਤ) ਕਰਨਾ ਨਿਰਾ ਮਨਮਤਿ ਦਾ ਢਕੌਂਸਲਾ ਹੀ ਭਾਸਦਾ ਹੈ। ਵਾਹਿਗੁਰੂ ਦੇ ਸਰੂਪ, ਵਾਹਿਗੁਰੂ ਦੀ ਅਕਾਲ-ਮੂਰਤਿ ਹਸਤੀ ਦਾ ਹੀ ਜਿਨ੍ਹਾਂ ਨੂੰ ਯਕੀਨ ਨਹੀਂ ਆਇਆ, ਉਨ੍ਹਾਂ ਦਾ ਵਾਹਿਗੁਰੂ ਦੇ ਚਰਨਾਂ ਉਤੇ ਕਦ ਯਕੀਨ ਬਝ ਸਕਦਾ ਹੈ ? ਵਾਹਿਗੁਰੂ ਦੀ ਸਰੂਪ-ਲਖਤਾ ਤੋਂ ਸੁੰਝਿਆਂ ਨੂੰ "ਚਰਨ ਕਮਲ ਕੀ ਮਉਜ'' ਦਾ ਕੀ ਪਤਾ ? ਵਾਹਿਗੁਰੂ ਸਰੂਪ ਸਾਖਯਾਤ-ਕਾਰੀਆਂ ਅਤੇ ਚਰਨ-ਕਮਲ-ਮਉਜ-ਮਲ੍ਹਾਰੀਆਂ ਨੂੰ ਚਰਨ ਕਮਲ ਦੀ ਮਉਜ ਦੇ ਵਰਣਨ ਕਰਨ ਦੀ ਸਮਰੱਥਾ ਨਹੀਂ । ਉਹਨਾਂ ਪ੍ਰਥਾਇ ਹੀ ਇਹ ਗੁਰਵਾਕ ਘਟਦਾ ਹੈ–
ਕਬੀਰ ਚਰਨ ਕਮਲ ਕੀ ਮਉਜ ਕਉ
ਕਹਿ ਕੈਸੇ ਉਨਮਾਨ ॥
ਕਹਿਬੇ ਕਉ ਸੋਭਾ ਨਹੀ
ਦੇਖਾ ਹੀ ਪਰਵਾਨੁ॥ ੧੨੧॥
ਸਚ ਮੁਚ "ਕਹਿਬੇ ਕਉ ਸੋਭਾ ਨਹੀ" "ਦੇਖਾ ਹੀ ਪਰਵਾਨੁ" ਹੈ । ਚਰਨ ਕਮਲ ਕੀ ਮਉਜ ਦੀ ਸੋਭਾ ਦੇ ਮੁਸ਼ਤਾਕ ਮੁਤਲਾਸ਼ੀਆਂ (ਚਾਹਵਾਨ ਢੂੰਡਾਉਆਂ) ਅਤੇ ਗੁਰਮਤਿ ਦੇ ਸਚੇ ਯਕੀਨਕਾਰ ਖੋਜੀਆਂ ਨੂੰ ਗੁਰਵਾਕਾਂ ਦੀ ਸਚਾਈ ਦਾ ਹੀ ਐਸਾ ਅਮਲ ਚੜ੍ਹਿਆ ਰਹਿੰਦਾ ਹੈ ਕਿ ਉਹ ਸਦਾ ਅਜਿਹੀਆਂ ਹੀ ਜੁਗਤਿ-ਵਿਉਂਤਾਂ ਢੂੰਡਦੇ ਹਨ ਅਤੇ ਗੁਰਮਤਿ ਦੇ ਦੁਆਰਿਓਂ ਗੁਰਬਾਣੀ ਅੰਦਰੋਂ ਹੀ ਢੂੰਡਦੇ ਹਨ, ਜਿਨ੍ਹਾਂ ਦੇ ਕਮਾਵਣ ਕਰਿ ਉਹਨਾਂ ਨੂੰ ਗੁਰਬਾਣੀ ਅੰਦਰ ਦਰਸਾਈ ਚਰਨ ਕਮਲਾਂ ਦੀ ਮਹਿਮਾ ਵਾਲੀ ਦਰਸ-ਵਿਗਾਸ-ਰਸਾਈ (ਪਹੁੰਚ) ਹੋ ਜਾਵੇ । ਸਚ ਮੁਚ ਮਾਅਰਫ਼ਤ (ਅਧਿਆਤਮ-ਵਾਦ) ਦੇ ਹਕੀਕੀ ਮੁਹੱਕਕਾਂ (ਖੋਜੀਆਂ) ਨੂੰ ਪ੍ਰਮਾਰਥ ਦੇ ਗੂੜ੍ਹ ਅਗੰਮੀ ਭੇਦਾਂ ਉਤੇ ਚੂੰ-ਚਰਾਂ ਕਦੇ ਨਹੀਂ ਹੁੰਦੀ । ਗੁਰੂ ਘਰ ਦੇ ਅਨਿੰਨ ਭਗਤ ਗੁਰਮੁਖ ਜਨ, ਗੁਰਵਾਕਾਂ ਦੀ ਸਚਾਈ ਉਤੇ ਪੂਰਨ ਭਰੋਸਾ ਰਖਦੇ ਹਨ । ਨਿਊਣਤਾ ਮੰਨਦੇ ਹਨ ਤਾਂ ਆਪਣੀ ਨਿਜ ਕਮਾਈ ਦੀ ਮੰਨਦੇ ਹਨ। ਜੋ ਕੁਛ ਉਹਨਾਂ ਦੀ ਪੰਚ-ਭੂਤਕੀ ਅਲਪੱਗ ਬੁਧੀ ਦੇ ਬੋਧ-ਫ਼ਹਿਮ ਵਿਚ ਨਹੀਂ ਆਉਂਦਾ, ਉਸ ਤੋਂ ਉਹ ਮੁਨਕਰ ਨਹੀਂ ਹੁੰਦੇ
ਚੰਚਲ ਮਤਿ ਚਤਰਾਈ ਵਾਲੇ ਆਪਣੀ ਅਲਪੱਗ ਸਮਝ ਸੋਚ ਤੋਂ ਅਗੋਚਰ ਕਿਸੇ ਭੀ ਗੂੜ੍ਹ ਪ੍ਰਮਾਰਥੀ ਰਾਜ਼-ਰਮਜ਼ਨੀ ਗੱਲ ਉਤੇ ਏਅਤਕਾਦ (ਭਰੋਸਾ) ਨਹੀਂ ਲਿਆਉਂਦੇ । ਇਹ ਉਹਨਾਂ ਦੇ ਅਭਾਗ ਹਨ । ਉਹ ਮੁਹੱਕਕ ਨਹੀਂ ਬਣਦੇ । ਉਹ ਖੋਜੀ ਨਹੀਂ ਬਣਦੇ । ਵਾਦੀ, ਬਾਦ-ਬਿਵਾਦੀ ਹੀ ਸਾਰੀ ਉਮਰ ਰਹਿੰਦੇ ਹਨ । ਉਹ ਗੁਰਬਾਣੀ, ਧੁਰ ਕੀ ਬਾਣੀ ਦੇ ਅਮਿਤ ਤੱਤ-ਭੇਦੀ ਆਸ਼ਿਆਂ ਉਤੇ ਈਮਾਨ ਨਹੀਂ ਲਿਆਉਂਦੇ। ਉਹਨਾਂ ਦੀ ਤਾਂ ਗੱਲ ਹੀ ਕੀ ਕਰਨੀ ਹੈ ! ਪਰ ਜਿਨ੍ਹਾਂ ਗੁਰੂ ਦੇ ਸਚਿਆਰ ਸਿਖਾਂ ਨੂੰ ਗੁਰੂ ਦੀ ਬਾਣੀ ਉਪਰ, ਗੁਰਵਾਕ ਉਪਰ ਪੂਰਨ ਭਰੋਸਾ ਹੈ, ਉਹ ਗੁਰਬਾਣੀ ਅੰਦਰ ਲਖਾਈ ਕਿਸੇ ਭੀ ਸਚਾਈ ਤੋਂ ਸਿਰ ਨਹੀਂ ਫੇਰ ਸਕਦੇ। ਫ਼ਰਕ ਸਮਝਦੇ ਹਨ ਤਾਂ ਆਪਣੀ ਕਮਾਈ ਵਿਚ ਹੀ ਸਮਝਦੇ ਹਨ, ਗੁਰਮਤਿ-ਵਿਰੋਧੀ ਅਤੇ ਪ੍ਰਮਾਰਥ ਕੁਤਰਕੀ ਲੋਕ ਓਹਨਾਂ ਨੂੰ ਇਹ ਕਹਿ ਕੇ ਬਹਿਕਾਉਂਦੇ ਹਨ ਕਿ ਦੇਖੋ ਜੀ ! ਨਿਰਗੁਣ ਵਾਹਿਗੁਰੂ ਦੇ ਭੀ ਕਦੇ ਚਰਨ ਹੋ ਸਕਦੇ ਹਨ ? ਚਰਨ ਤਾਂ ਸਰਗੁਣ ਮੂਰਤਿ ਵਾਲੇ ਰੱਬ ਦੇ ਹੀ ਹੋ ਸਕਦੇ ਹਨ ।
ਉਹਨਾਂ ਦੇ ਭਾ ਦਾ ਨਿਰਗੁਣ ਵਾਹਿਗੁਰੂ ਦਾ ਕੋਈ ਸਰੂਪ ਹੀ ਨਹੀਂ । ਗੁਰੂ ਸਾਹਿਬ ਨੇ ਸ੍ਰੀ ਜਪੁਜੀ ਸਾਹਿਬ ਦੇ ਮੂਲ ਮੁੱਢ ਵਿਚ ਹੀ ਕਰਤੇ ਪੁਰਖ ਵਾਹਿਗੁਰੂ ਦਾ 'ਅਕਾਲ ਮੂਰਤਿ' ਰੂਪ ਨਿਰਗੁਣ ਸਰੂਪ ਪ੍ਰਤਿਪਾਦਨ ਕੀਤਾ ਹੈ । ਨਿਰਗੁਣ ਸਰੂਪ ਤੇ ਇਹ ਭਾਵ ਹੈ ਕਿ ਇਹ ਸਰੂਪ, ਤ੍ਰੈਗੁਣੀ ਗੁਣਾਂ ਵਾਲਾ ਨਹੀਂ, ਤ੍ਰੈਗੁਣ ਅਬਾਧ ਤੁਰੀਆਗੁਣੀ ਦਿੱਬ ਗੁਣਾਂ ਸੰਪੰਨ ਹਸਤੀ ਵਾਲਾ ਅਕਾਲ ਮੂਰਤੀ ਸਰੂਪ ਹੈ । ਇਸ ਤੋਂ ਮੁਨਕਰ ਹੋਣਾ ਅਕਾਲ ਪੁਰਖ ਦੀ ਹੋਂਦ ਤੋਂ ਹੀ ਮੁਨਕਰ ਹੋਣਾ ਹੈ।
ਅਕਾਲ ਪੁਰਖ ਦੀ ਮੂਰਤ (ਹਸਤੀ) ਤਾਂ ਹੈ, ਪਰ ਕਾਲ ਚਕਰ ਵਿਚ ਆਏ ਤ੍ਰੈਗੁਣੀ ਗੁਣਾਂ ਵਾਲੀ ਹਸਤੀ ਨਹੀਂ । ਤੁਰੀਆ ਗੁਣੀ ਦਿੱਬ ਮੂਰਤਿ ਅਕਾਲ ਹਸਤੀ ਹੈ।