ਉਨ੍ਹੀ ਦਿਨੀਂ ਸਕੂਲ 'ਚ ਲੜਾਈਆਂ ਵੀ ਬਹੁਤ ਹੁੰਦੀਆਂ ਸਨ। ਦਰਅਸਲ ਇੱਥੇ ਸ਼ਹਿਰ ਤੋਂ ਇਲਾਵਾ 60-70 ਪਿੰਡਾਂ ਦੇ ਮੁੰਡੇ ਪੜ੍ਹਦੇ ਸਨ ਜਿਨ੍ਹਾਂ 'ਚੋਂ ਕਈ ਟੋਲੀਆਂ ਦੇ ਸਿੰਙ ਫਸੇ ਰਹਿੰਦੇ ਸੀ। ਉਧਰ ਸ਼ਹਿਰ ਦੇ ਡੀ.ਏ.ਵੀ. ਕਾਲਜ ਵਿੱਚ ਮਲਵਈਆਂ ਅਤੇ ਭਾਊਆਂ ਦੇ ਦੋ ਧੜੇ ਸਨ, ਜਿੰਨ੍ਹਾਂ ਦੇ ਚੇਲੇ ਇਸ ਸਕੂਲ ਵਿੱਚ ਪੜ੍ਹਦੇ ਸਨ। ਉਨ੍ਹਾਂ 'ਚੋਂ ਇੱਕ ਸੀ ਬਾਗਾ ਜੋ ਹੈਂਡਬਾਲ ਦਾ ਚੈਂਪੀਅਨ ਖਿਡਾਰੀ ਸੀ ਪਰ ਹੁਣ ਨਸ਼ੇ-ਪੱਤੇ ਕਰਕੇ ਮੁੰਡਿਆਂ ਦੇ ਹੱਡ 'ਗੋਲ' ਕਰਿਆ ਕਰਦਾ ਸੀ। ਇੱਕ ਦਿਨ ਉਸ ਨੇ ਲੱਗੇ ਸਕੂਲ 'ਚ ਇੱਕ ਮੁੰਡੇ ਨੂੰ ਬੇਰਹਿਮੀ ਨਾਲ ਕੁੱਟਿਆ। ਮੇਰਾ ਦਿਲ ਕੀਤਾ ਕਿ ਚੱਕ ਦਿਆਂ ਕੰਮ ਪਰ ਫਿਰ ਮੈਂ ਡਰ ਗਿਆ ਕਿ ਆਪਾਂ ਖਿਡਾਰੀ ਲੋਕ ਹਾਂ ਕਿੱਥੇ ਪੂਰੇ ਲਹਾਂਗੇ ਇਨ੍ਹਾਂ 'ਯਮਦੂਤਾਂ' ਨਾਲ ? ਪਰ ਉਸ ਦਿਨ ਦਾ ਮੈਂ ਬਾਗੇ ਦਾ ਫ਼ੈਨ ਹੋ ਗਿਆ ਕਿ ਵਾਕਿਆ ਸ਼ਹਿਰ 'ਚ ਇਸ ਨੂੰ ਸਲੂਟ ਐਵੇਂ ਨਹੀਂ ਵੱਜਦੇ। ਮੇਰੇ ਵੀ ਦਿਲ 'ਚ ਚਾਹਤ ਜਾਗ ਪਈ ਕਿ ਸ਼ਹਿਰ ਆਏ ਆਂ ਸਲੂਟ ਤਾਂ ਵੱਜਣੇ ਹੀ ਚਾਹੀਦੇ ਨੇ। ਮੈਂ ਬਾਗੇ ਨਾਲ ਹੱਥ ਮਿਲਾਉਂਣ ਲੱਗ ਪਿਆ। ਫਿਰ ਅਸੀਂ ਸਾਰੇ ਹੀ ਇਕੱਠੇ ਹੋ ਕੇ ਖਾਣ-ਪੀਣ ਲੱਗ ਪਏ। ਕਦੇ-ਕਦੇ ਲੜਾਈ-ਭੜਾਈ 'ਚ ਵੀ ਗੇੜਾ ਕੱਢ ਆਉਂਦੇ ਪਰ ਜ਼ਿਆਦਾਤਰ ਕਬੱਡੀ ਅਤੇ ਕਬੱਡੀ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ।
ਨੈਸ਼ਨਲ ਸਟਾਇਲ ਕਬੱਡੀ ਮੁਕਾਬਲਿਆਂ 'ਚ ਜ਼ਿਲ੍ਹੇ 'ਚ ਜਾ ਕੇ ਅਸੀਂ ਸੈਮੀ ਫਾਈਨਲ 'ਚ ਹਾਰ ਗਏ ਪਰ ਪੰਜਾਬ ਸਟਾਈਲ 'ਚ ਅਸੀਂ ਮੋਰਚਾ ਮਾਰ ਲਿਆ। ਬਿੱਲਾ ਤੇ ਮੈਂ ਸਟੇਟ ਖੇਡਾਂ ਲਈ ਸਲੈਕਟ ਹੋ ਗਏ। ਬਿੱਲਾ ਖੇਡ ਆਇਆ ਪਰ ਮੇਰੀ ਮਾੜੀ ਕਿਸਮਤ ਮੈਨੂੰ ਕਛਰਾਲੀਆਂ ਨਿਕਲ ਆਈਆਂ। ਬਿੱਲਾ ਜਦੋਂ ਸਟੇਟ (ਰਾਜ ਪੱਧਰ) ਖੇਡ ਕੇ ਆਇਆ ਤਾਂ 26 ਜਨਵਰੀ 'ਤੇ ਉਸ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਪਿੱਛੋਂ ਸਾਰਿਆਂ ਜਰਦਾ (ਤੰਬਾਕੂ ਬੀੜਾ) ਮਸਲਿਆ ਤੇ ਮੈਨੂੰ ਵੀ ਲਾਉਣ ਲਈ ਪੇਸ਼ ਕੀਤਾ। ਮੈਂ ਕਦੇ ਲਾਇਆ ਨਹੀਂ ਸੀ ਪਰ ਸਾਥੀ ਖਹਿੜੇ ਪੈ ਗਏ ਕਿ ਲਾ ਕੇ ਵੇਖ ਦੁਨੀਆਂ ਘੁੰਮੇਗੀ। ਦੁਨੀਆਂ ਤਾਂ ਨਹੀਂ ਘੁੰਮੀ ਪਰ ਮੈਂ ਘੁੰਮ ਗਿਆ ਸਾਰਾ ਦਿਨ ਉਲਟੀਆਂ ਕਰਦਾ ਰਿਹਾ। ਡਰਦਾ ਪਿੰਡ ਵੀ ਨਾ ਗਿਆ ਰਾਤ ਨੂੰ ਬਿੱਲੇ ਕੇ ਪਿੰਡ ਰਿਹਾ।
ਵੈਸੇ ਇਹ ਸਰਦੀਆਂ ਮੈਂ ਇੱਕ ਹੋਰ ਗੱਲ ਲਈ ਵੀ ਨਹੀਂ ਭੁੱਲ ਸਕਦਾ ਕਿਉਂਕਿ ਸਾਰਾ ਸਿਆਲ੍ਹ ਮੈਂ ਕੱਲੀ ਕਮੀਜ਼ ਵਿੱਚ ਸਕੂਲ ਆਉਂਦਾ ਰਿਹਾ। ਘਰਦਿਆਂ ਨੇ ਇਕ ਜੈਕੇਟ ਲੈ ਕੇ ਦਿੱਤੀ ਸੀ ਪਰ ਮੈਂ ਕਿਸੇ ਦੋਸਤ ਦੇ ਦਸ ਰੂਪੇ ਦੇਣੇ ਸੀ ਜੋ ਮੈਂ ਮੋੜ ਨਾ ਸਕਿਆ ਤੇ ਉਸ ਜ਼ੋਰਾਵਰ ਨੇ ਪੰਜ-ਸੱਤ ਹੋਰ ਲੰਗਾੜੇ ਨਾਲ ਲਿਆ ਕੇ ਧੱਕੇ ਨਾਲ ਮੇਰੇ ਗਲੋਂ ਜੈਕੇਟ ਲਾਹ ਲਈ। ਘਰੋਂ ਦੂਜੀ ਜੈਕੇਟ ਨਹੀਂ ਸੀ ਜੁੜ ਸਕਦੀ ਕਿਉਂਕਿ ਤੰਗੀਆਂ ਦੇ ਦਿਨ ਸੀ। ਇਸ ਲਈ ਜੇ ਬੇਬੇ ਪੁੱਛਦੀ ਜੈਕੇਟ ਕਿੱਥੇ ਆ? ਤਾਂ ਮੈਂ ਆਖ ਦਿੰਦਾ ਸ਼ਹਿਰ ਪਈ ਆ ਤੇ ਮੈਂ ਆਪਣੇ ਕਿਸੇ ਦੋਸਤ ਨਾਲ ਸ਼ਰਤ ਰੱਖੀ ਹੈ ਕਿ ਮੈਂ ਸਾਰਾ ਸਿਆਲ੍ਹ ਇੱਕਲੀ ਕਮੀਜ਼ ਵਿੱਚ ਸਕੂਲ ਆਵਾਂਗਾ। ਇਹੀ ਗੱਲ ਮੈਂ ਆਪਣੇ ਦੋਸਤਾਂ ਨੂੰ ਵੀ ਆਖ ਦਿੰਦਾ ਕਿ ਮੇਰੀ ਸ਼ਰਤ ਲੱਗੀ ਹੋਈ ਹੈ। ਸੈਂਕੜੇ ਜਣਿਆਂ 'ਚ ਮੈਂ ਇਕਲੋਤਾ ਸੀ ਜੀਹਦੇ ਦਸੰਬਰ-ਜਨਵਰੀ 'ਚ ਵੀ ਕੱਲ੍ਹੀ ਕਮੀਜ਼ ਪਾਈ ਹੁੰਦੀ।