ਕਿਲਕਾਰੀ, ਕੁਨਬਾ ਤੇ ਕੈਦਾ
ਮੇਰਾ ਜਨਮ ਗਿਆਰਾਂ ਸਾਉਣ (26 ਜੁਲਾਈ) ਵੀਰਵਾਰ 1979 ਨੂੰ ਸਵੇਰ ਇੱਕ ਕੱਚੇ ਕੋਠੇ ਵਿਚ ਹੋਇਆ। ਦਰਅਸਲ ਅਸੀਂ ਵੰਡ ਵੇਲੇ ਪਾਕਿਸਤਾਨ 'ਚੋਂ ਉਜੜ ਕੇ ਆਏ ਸਾਂ। ਸਾਡਾ ਪਾਕਿਸਤਾਨ 'ਚ ਪਿੰਡ ਰਾਜਾ ਜੰਗ ਤੇ ਪੱਤੀ ਢੋਲੇ ਕੇ ਸੀ। ਵੰਡ ਤੋਂ ਬਾਅਦ ਸਾਨੂੰ ਫਾਜ਼ਿਲਕਾ ਤਹਿਸੀਲ ਦੇ ਪਿੰਡ ਗੁਰੂਸਰ ਯੋਧਾ ਵਿੱਚ ਜ਼ਮੀਨ ਅਲਾਟ ਹੋਈ ਜੋ ਅੱਜ ਸ੍ਰੀ ਮੁਕਤਸਰ ਸਾਹਿਬ ਦੇ 'ਸ਼ਾਹੀ' ਹਲਕੇ ਲੰਬੀ (ਮੁਕਤਸਰ) ਵਿੱਚ ਪੈਂਦਾ ਹੈ।
ਪਾਕਿਸਤਾਨ ਵਿੱਚ ਸਾਡੇ ਪੜਦਾਦੇ ਭਗਵਾਨ ਸਿੰਘ ਕੋਲ 200 ਘੁਮਾਂ ਪੈਲੀ ਸੀ ਜੋ ਕਾਟ ਲੱਗ ਕੇ ਇੱਧਰ 50 ਏਕੜ ਰਹਿ ਗਈ। ਮੇਰੇ ਦਾਦੇ ਹੋਰੀਂ ਚਾਰ ਭਰਾ ਸੀ। ਸਭ ਤੋਂ ਵੱਡਾ ਮੇਰਾ ਦਾਦਾ ਅਜੀਤ ਸਿੰਘ ਸੀ ਤੇ ਬਾਕੀ ਅਮਰ ਸਿੰਘ, ਹਰਨਾਮ ਸਿੰਘ ਅਤੇ ਗੁਰਨਾਮ ਸਿੰਘ ਕ੍ਰਮਵਾਰ ਛੋਟੇ ਸਨ। ਸਭ ਤੋਂ ਛੋਟੇ ਗੁਰਨਾਮ ਸਿੰਘ ਦੀ ਪਿੰਡ 'ਚ ਹੋਈ ਇੱਕ ਲੜਾਈ ਦੌਰਾਨ ਲੱਤ ਕੱਟੀ ਗਈ ਸੀ ਜਿਸ ਦਾ ਬਾਅਦ ਵਿੱਚ ਵਿਆਹ ਨਾ ਹੋਇਆ। ਬਾਕੀ ਤਿੰਨੋਂ ਵਿਆਹੇ ਹੋਏ ਸਨ। ਜਦਕਿ ਮੇਰਾ ਦਾਦਾ ਅਜੀਤ ਸਿੰਘ, ਜੋ ਦਸ ਨੰਬਰੀਆ ਤੇ ਮਸ਼ਹੂਰ ਬਲੈਕੀਆ ਸੀ, ਦੇ ਦੋ ਵਿਆਹ ਹੋਏ ਸਨ। ਪਹਿਲੇ ਵਿਆਹ 'ਚੋਂ ਮੇਰੇ ਦੋ ਤਾਏ ਅਵਤਾਰ ਸਿੰਘ ਤੇ ਗੁਰਦੇਵ ਸਿੰਘ ਅਤੇ ਭੂਆ ਬਿੰਦਰ ਕੌਰ ਸਨ, ਦੂਜੇ ਵਿਆਹ 'ਚੋਂ ਮੇਰਾ ਬਾਪੂ ਬਲਦੇਵ ਸਿੰਘ ਅਤੇ ਭੂਆ ਰਾਜਵਿੰਦਰ ਕੌਰ ਸਨ। ਮੇਰੀ ਦਾਦੀ ਵੀਰ ਕੌਰ ਨੂੰ ਪਿੰਡ ਵਾਲਾ ਘਰ ਹਿੱਸੇ ਆਇਆ ਸੀ ਤੇ ਵੱਡੀ ਦਾਦੀ ਹਰਦੀਪ ਕੌਰ ਨੂੰ ਖੇਤ ਵਾਲਾ ਘਰ । ਇਹ ਖੇਤ ਵਾਲਾ ਘਰ ਅਸਲ 'ਚ ਮੇਰੇ ਦਾਦੇ ਅਤੇ ਤਾਇਆਂ ਦੀ ਤਸਕਰੀ ਅਤੇ ਮਾਰਧਾੜ ਦਾ ਮਾਲ ਸਾਂਭਣ ਲਈ ਹੀ ਸੀ।
ਮੇਰਾ ਜਨਮ ਖੇਤ ਵਾਲੇ ਘਰ ਹੋਇਆ। ਯਾਅਨੀ ਪਹਿਲੀ ਕਲਕਾਰੀ ਉੱਥੇ ਵੱਜੀ ਜਿੱਥੇ ਘੜੇ ਪਾਣੀ ਨਾਲ ਨਹੀਂ ਅਫੀਮ ਨਾਲ ਭਰੇ ਪਏ ਹੁੰਦੇ ਸੀ। ਇੱਥੇ 1976 'ਚ ਇੱਕ ਪੁਲਸ ਮੁਕਾਬਲਾ ਵੀ ਹੋ ਚੁੱਕਾ ਸੀ ਜਿਸ ਵਿੱਚ ਦਬਿਸ਼ ਦੇਣ ਆਈ ਪੁਲਸ ਦੀ ਪੈਦਲ ਟੀਮ ਨੂੰ ਸਾਡੇ ਟੱਬਰ ਨੇ ਸੱਟਾਂ ਮਾਰ ਦਿੱਤੀਆਂ ਸੀ। ਇਸ ਕੇਸ ਵਿੱਚ ਮੇਰੇ ਬਾਪੂ ਨੂੰ ਪਿੰਡ ਵਾਲਿਆਂ ਬਚਾ ਲਿਆ ਸੀ ਕਿਉਂਕਿ ਉਹ ਕਬੱਡੀ ਦਾ ਧਾਕੜ ਖਿਡਾਰੀ ਸੀ ਤੇ ਜਿਸ ਰਾਤ ਇਹ ਕਾਂਡ ਵਾਪਰਿਆ ਮੇਰਾ ਬਾਪੂ ਪਿੰਡ 'ਚ ਹੀ ਚੱਲ ਰਹੇ ਕਬੱਡੀ ਟੂਰਨਾਮੈਂਟ ਦਾ ਹਿੱਸਾ ਸੀ। ਦੂਜੇ ਜੀਆਂ ਨੂੰ ਧਾਰਾ 307 ਅਧੀਨ ਸੱਤ-ਸੱਤ ਸਾਲ ਕੈਦ ਕੱਟਣੀ ਪਈ ਸੀ।
ਮੇਰੇ ਜਨਮ ਤੋਂ ਦੋ ਸਾਲ ਬਾਅਦ ਮੇਰੇ ਛੋਟੇ ਭਰਾ ਭੁਪਿੰਦਰ ਸਿੰਘ ਦਾ ਜਨਮ ਹੋਇਆ। ਉਸ ਤੋਂ ਬਾਅਦ ਇੱਕ ਭੈਣ ਦਾ ਵੀ ਜਨਮ ਹੋਇਆ ਜਿਸ ਦੀ ਜਨਮ ਦੇ ਕੁਝ ਪਲਾਂ ਬਾਅਦ ਹੀ ਮੌਤ ਹੋ ਗਈ। ਮੇਰੇ ਬਾਪੂ ਨੂੰ ਮੇਰੀ ਦਾਦੀ ਨੇ ਬੜੀ ਰੀਝ ਨਾਲ ਪਾਲਿਆ ਸੀ। ਦੱਸਦੇ ਆ ਕਿ ਸਾਡੇ ਘਰ ਦੀ ਜਾਲ੍ਹੀ (ਸਮਾਨ ਰੱਖਣ ਲਈ ਲੱਕੜ ਦੀ ਅਲਮਾਰੀ) ਖੋਏ ਨਾਲ ਭਰੀ ਰਹਿੰਦੀ ਸੀ ਤੇ ਦਿਨ-ਰਾਤ ਦੁੱਧ ਕਾੜ੍ਹਨੀ ਚੜ੍ਹਿਆ ਰਹਿੰਦਾ। ਜੁਆਨ ਹੋਏ ਤੋਂ ਮੇਰਾ ਬਾਪੂ ਕਬੱਡੀ ਖੇਡਣ ਲੱਗ ਪਿਆ ਤੇ ਜਲਦੀ ਹੀ ਉਸ ਦੀ ਜਾਫ਼ ਦੀ ਧਾਕ ਪੂਰੇ ਇਲਾਕੇ 'ਚ ਬਣ ਗਈ। ਇੱਕ ਪਾਸੇ