ਇਨਕਲਾਬ ਤੋਂ ਬਾਅਦ ਯੂਰਪ ਦੇ ਕੁੱਝ ਦੇਸ਼ਾਂ ਵਿੱਚ ਜਦੋਂ "ਖੱਬੇਪੱਖੀ" ਮਾਅਰਕੇਬਾਜੀ ਦੇ ਭਟਕਾਅ ਨੇ ਸਿਰ ਚੁੱਕਿਆ ਤਾਂ ਉਸਦੇ ਵਿਰੁੱਧ ਸੰਘਰਸ਼ ਵਿੱਚ ਵੀ ਉਨ੍ਹਾਂ ਨੇ ਕੋਈ ਰਿਆਇਤ ਨਹੀਂ ਵਰਤੀ। ਮਾਓ-ਜੇ-ਤੁੰਗ ਦੀ ਅਗਵਾਈ ਵਿੱਚ ਚੀਨ ਦੀ ਕਮਿਊਨਿਸਟ ਪਾਰਟੀ ਦਾ ਅਮਲ ਵੀ ਅਜਿਹਾ ਹੀ ਰਿਹਾ।
ਭਾਰਤ ਦੀ ਕਮਿਊਨਿਸਟ ਲਹਿਰ ਦਾ ਇਤਿਹਾਸ ਇਸਤੋਂ ਕੁੱਝ ਵੱਖਰਾ ਰਿਹਾ ਹੈ। ਸ਼ੁਰੂ ਤੋਂ ਹੀ ਇੱਥੋਂ ਦੀ ਕਮਿਊਨਿਸਟ ਪਾਰਟੀ ਦਾ ਵਿਚਾਰਧਾਰਕ ਅਧਾਰ ਕਮਜ਼ੋਰ ਰਿਹਾ ਅਤੇ ਇਹ ਸੱਜੇਪੱਖੀ ਅਤੇ ਮਾਅਰਕੇਬਾਜ ਭਟਕਾਵਾਂ ਵਿੱਚ ਡੋਲਦੀ ਰਹੀ। ਪੀ. ਸੀ. ਜੋਸ਼ੀ ਦੇ ਜਨਰਲ ਸਕੱਤਰ ਹੋਣ ਦੌਰਾਨ ਪਾਰਟੀ ਸੱਜੇਪੱਖੀ ਭਟਕਾਵਾਂ ਦਾ ਸ਼ਿਕਾਰ ਰਹੀ ਅਤੇ ਢੁੱਕਵੇਂ ਇਨਕਲਾਬੀ ਹਾਲਾਤਾਂ ਵਿੱਚ ਪਹਿਲਕਦਮੀ ਅਤੇ ਸਹੀ ਫੈਸਲੇ ਲੈਣ ਤੋਂ ਖੁੰਝਦੀ ਰਹੀ। ਰਾਜਨੀਤਿਕ ਅਜ਼ਾਦੀ ਦੇ ਬਾਅਦ ਦੇ ਸਾਲਾਂ ਵਿੱਚ, ਬੀ. ਟੀ. ਰਣਦੀਵੇ ਦੇ ਜਨਰਲ ਸਕੱਤਰ ਹੋਣ ਦੌਰਾਨ ਪਾਰਟੀ ਨੇ ਕੁੱਝ ਸਮੇਂ ਲਈ ਮਾਅਰਕੇਬਾਜੀ ਦੀ ਲਾਈਨ ਫੜੀ, ਜਿਸਦੀ ਹਾਰ ਦੇ ਬਾਅਦ ਕਮਿਊਨਿਸਟ ਲਹਿਰ ਨੂੰ ਡੂੰਘਾ ਧੱਕਾ ਲੱਗਿਆ। ਤੇਲੰਗਾਨਾ ਕਿਸਾਨ ਸੰਘਰਸ਼ ਦੀ ਹਾਰ ਦੇ ਬਾਅਦ ਪੂਰੀ ਪਾਰਟੀ ਹੀ ਸੋਧਵਾਦੀ ਅਤੇ ਸੰਸਦਮਾਰਗੀ ਹੋ ਗਈ। ਵਿਚਾਰਧਾਰਾ ਤੋਂ ਭਟਕਾਅ ਦੀ ਸਥਿਤੀ ਅਖੀਰ ਵਿੱਚ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਛੱਡ ਦੇਣ ਦੀ ਸਥਿਤੀ ਵਿੱਚ ਬਦਲ ਗਈ ਅਤੇ ਪਾਰਟੀ ਦਾ ਜਮਾਤੀ- ਖਾਸਾ ਹੀ ਬਦਲ ਗਿਆ। ਲੋਕਾਂ ਵਿੱਚ ਕੰਮ ਕਰਨ ਵਾਲੇ ਆਮ ਕਾਰਕੁਨ ਡੂੰਘੀ ਨਿਰਾਸ਼ਾ ਦੇ ਸ਼ਿਕਾਰ ਸਨ ; ਪਰ ਉਨ੍ਹਾਂ ਦੀਆਂ ਇਨਕਲਾਬੀ ਭਾਵਨਾਵਾਂ ਮੌਜੂਦ ਸਨ । ਭਾਕਪਾ ਵਿੱਚ ਜਦੋਂ ਫੁੱਟ ਪਈ ਅਤੇ 1964 ਵਿੱਚ ਭਾਕਪਾ (ਮਾਰਕਸਵਾਦੀ) ਜਾਂ (ਮਾਕਪਾ) ਬਣੀ ਤਾਂ ਕਿਉਂਕਿ ਇਹ ਨਵੀਂ ਪਾਰਟੀ ਭਾਕਪਾ ਨੂੰ ਸੋਧਵਾਦੀ ਦੱਸ ਰਹੀ ਸੀ ਅਤੇ ਕੁੱਝ ਰੈਡੀਕਲ ਤੇਵਰ ਅਪਣਾ ਰਹੀ ਸੀ, ਇਸ ਲਈ ਸਫਾਂ ਵਿੱਚ ਕੁੱਝ ਉਮੀਦਾਂ ਪੈਦਾ ਹੋਈਆਂ। ਪਰ ਛੇਤੀ ਹੀ ਇਹ ਸਾਫ ਹੋ ਗਿਆ ਕਿ ਭਾਕਪਾ (ਮਾਰਕਸਵਾਦੀ) ਦਾ ਰਸਤਾ ਵੀ ਸੱਜੇਪੱਖੀ ਮੌਕਾਪ੍ਰਸਤੀ ਦਾ ਹੀ ਰਸਤਾ ਹੈ ਅਤੇ ਇਨ੍ਹਾਂ ਪਾਰਟੀਆਂ ਦੇ ਮੱਤਭੇਦ ਵਿਚਾਰਧਾਰਾ ਅਤੇ ਜਮਾਤੀ-ਖਾਸੇ ਦੇ ਨਹੀਂ ਸਗੋਂ ਸਿਰਫ ਕੁੱਝ ਨੀਤੀਆਂ ਦੇ ਹੀ ਹਨ।
ਇਹ ਸਮਾਂ ਸੀ ਜਦ ਪੂਰੀ ਦੁਨੀਆਂ ਵਿੱਚ ਖਰੁਸ਼ਚੇਵ ਦੇ ਸੋਧਵਾਦ ਦੇ ਵਿਰੁਧ ਚੀਨੀ ਕਮਿਊਨਿਸਟ ਪਾਰਟੀ ਦੇ ਸੰਘਰਸ਼ ਦਾ ਸ਼ੋਰ ਸੀ ਅਤੇ ਚੀਨ ਵਿੱਚ ਵੀ ਸੱਜੇਪੱਖੀ ਮੌਕਾਪ੍ਰਸਤੀ ਵਿਰੁੱਧ ਸੰਘਰਸ਼ ਪ੍ਰੋਲੇਤਾਰੀ ਸਭਿਆਚਾਰਕ ਇਨਕਲਾਬ (1966-67) ਦੇ ਮਹਾਂਵਿਸਫੋਟ ਦਾ ਰੂਪ ਲੈ ਚੁੱਕਾ ਸੀ। ਭਾਰਤ ਦੇ ਖੱਬੇਪੱਖੀ ਕਾਰਕੁਨਾਂ 'ਤੇ ਵੀ ਇਸਦਾ ਪ੍ਰੇਰਕ ਪ੍ਰਭਾਵ ਪੈ ਰਿਹਾ ਸੀ। ਇਸੇ ਸਮੇਂ, 1967 ਵਿੱਚ ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ਦੇ ਨਕਸਲਬਾੜੀ ਇਲਾਕੇ ਵਿੱਚ ਇੱਕ ਪ੍ਰਚੰਡ ਕਿਸਾਨ-ਉਭਾਰ ਫੁੱਟ ਪਿਆ। ਨਕਸਲਬਾੜੀ ਕਿਸਾਨ ਸੰਘਰਸ਼ ਮਾਕਪਾ ਦੀ ਦਾਰਜੀਲਿੰਗ ਜ਼ਿਲ੍ਹਾ ਕਮੇਟੀ ਦੇ ਜਥੇਬੰਦਕ ਕਾਨੂ ਸਾਨਿਆਲ, ਜੰਗਲ ਸੰਥਾਲ ਆਦਿ ਦੀ ਅਗਵਾਈ ਵਿੱਚ ਜਥੇਬੰਦ ਹੋਇਆ ਸੀ; ਪਰ ਉਸਨੂੰ ਕੁਚਲਣ ਵਿੱਚ ਬੰਗਾਲ ਦੀ ਮੌਜੂਦਾ ਸਰਕਾਰ ਅਤੇ ਉਸ ਵਿੱਚ ਸ਼ਾਮਲ ਮਾਕਪਾ ਨੇ (ਜੋਤੀ ਬਾਸੂ ਕੋਲ ਹੀ ਗ੍ਰਹਿ ਅਤੇ ਪੁਲਿਸ ਵਿਭਾਗ) ਕੋਈ ਰੂ-ਰਿਆਇਤ ਨਹੀਂ