ਹਨ, ਜੋ ਧਾਰਮਿਕ ਕੱਟੜਪੱਖੀ ਅਤੇ ਮੁੜ-ਸੁਰਜੀਤੀਵਾਦੀ ਹਨ। ਅੱਜ ਉਹ ਸਾਮਰਾਜਵਾਦ ਦਾ ਵਿਰੋਧ ਕਰ ਰਹੇ ਹਨ, ਪਰ ਸੈਕੂਲਰਿਜ਼ਮ, ਜਮਹੂਰੀਅਤ ਅਤੇ ਸਮਾਜਵਾਦ ਨੂੰ ਵੀ ਉਹ ਬਰਾਬਰ ਦਾ ਦੁਸ਼ਮਣ ਮੰਨਦੇ ਹਨ ਅਤੇ ਆਮ ਕਿਰਤੀ ਲੋਕਾਂ ਦੀ ਰਾਜਸੱਤ੍ਹਾ ਦੇ ਟੀਚੇ ਨੂੰ ਬਹੁਤ ਨਫ਼ਰਤ ਕਰਦੇ ਹਨ। ਆਉਣ ਵਾਲੇ ਸਮੇਂ ਵਿੱਚ ਇਤਿਹਾਸ ਦੀ ਸੁਭਾਵਕ ਚਾਲ ਨਾਲ ਲੋਕ ਇਨਕਲਾਬਾਂ ਦਾ ਰੁਕਿਆ ਹੋਇਆ ਸਿਲਸਿਲਾ ਜਦ ਇੱਕ ਵਾਰ ਫਿਰ ਗਤੀਮਾਨ ਹੋਵੇਗਾ ਤਾਂ ਪਹਿਲੀ ਸ਼੍ਰੇਣੀ ਦੀਆਂ ਇਨਕਲਾਬੀ ਦਹਿਸ਼ਤਗਰਦ ਸਫਾਂ ਦਾ ਇੱਕ ਵੱਡਾ ਹਿੱਸਾ ਹਮਸਫਰ ਬਣਕੇ ਉਸ ਵਿੱਚ ਸ਼ਾਮਲ ਹੋ ਜਾਵੇਗਾ। ਪਰ ਦੂਜੀ ਸ਼੍ਰੇਣੀ ਦੇ ਪਿਛਾਖੜੀ ਦਹਿਸ਼ਤਗਰਦਾਂ ਨਾਲ ਅਜਿਹਾ ਕਦੇ ਵੀ ਸੰਭਵ ਨਹੀਂ ਹੋਵੇਗਾ। ਉਹ ਮਜ਼ਬੂਤੀ ਨਾਲ ਪਿਛਾਖੜ ਦੇ ਪੱਖ ਵਿੱਚ ਖੜੇ ਹੋਣਗੇ ਅਤੇ ਤਰ੍ਹਾਂ-ਤਰ੍ਹਾਂ ਦੇ ਫਾਸਿਸਟਾਂ ਦੀਆਂ ਜਮਾਤਾਂ ਵਿੱਚ ਸ਼ਾਮਲ ਹੋ ਜਾਣਗੇ ਕਿਉਂਕਿ ਉਨ੍ਹਾਂ ਦੇ ਮੂਲ ਚਰਿੱਤਰ ਵਿੱਚ ਅੱਜ ਵੀ ਫਾਸੀਵਾਦ ਦੇ ਤੱਤ ਮੌਜੂਦ ਹਨ। ਇਹ ਜੋ ਪਿਛਾਖੜੀ ਦਹਿਸ਼ਤਗਰਦੀ ਹੈ, ਅਸਲ ਵਿੱਚ ਇਹ ਸਾਮਰਾਜਵਾਦ ਦਾ ਹੀ ਭਸਮਾਸੁਰ ਹੈ। ਦੁਨੀਆਂ ਦੇ ਵੱਖਰੇ-ਵੱਖਰੇ ਦੇਸ਼ਾਂ ਵਿੱਚ ਸੈਕੂਲਰ, ਬੁਰਜੂਆ ਜਮਹੂਰੀ ਸੱਤ੍ਹਾ ਵਿਰੁੱਧ ਜਾਂ ਕਿਸੇ ਮੁਕਾਬਲੇ ਦੇ ਸਾਮਰਾਜਵਾਦੀ ਦੇਸ਼ ਦਾ ਪੱਖ ਪੂਰਨ ਵਾਲੀ ਸੱਤ੍ਹਾ ਦੇ ਖਿਲਾਫ ਅਜਿਹੇ ਦਹਿਸ਼ਤਗਰਦ ਗੁੱਟਾਂ ਨੂੰ ਕਦੇ ਅਮਰੀਕਾ ਨੇ ਹੀ ਪਾਲ-ਪੋਸ ਕੇ ਤਿਆਰ ਕੀਤਾ ਸੀ। ਓਸਾਮਾ ਬਿਨ-ਲਾਦੇਨ ਕਦੀ ਅਫ਼ਗਾਨਿਸਤਾਨ ਵਿੱਚ ਰੂਸ ਦੀ ਹਾਮੀ ਨਜ਼ੀਬੁੱਲਾ ਸਰਕਾਰ ਦੇ ਵਿਰੁੱਧ ਅਮਰੀਕੀ ਮੱਦਦ ਨਾਲ ਲੜਨ ਵਾਲਾ ਭਾੜੇ ਦਾ ਸਿਪਾਹੀ ਸੀ। ਅਫ਼ਗਾਨਿਸਤਾਨ ਦੇ ਸਾਰੇ ਧਾਰਮਿਕ ਕੱਟੜਪੱਖੀ ਗੁੱਟਾਂ ਅਤੇ ਤਾਲੀਬਾਨ ਨੂੰ ਵੀ ਅਮਰੀਕੀ ਸਰਪਰਸਤੀ ਹਾਸਲ ਸੀ। ਜਦ ਇਨ੍ਹਾਂ ਦਾ ਕੰਮ ਪੂਰਾ ਹੋ ਗਿਆ ਅਤੇ ਅਮਰੀਕਾ ਨੇ ਹੱਥ ਖਿੱਚ ਲਿਆ ਤਾਂ ਇਹ ਧਾਰਮਿਕ ਕੱਟੜਪੱਖੀ ਗਰੁੱਪ ਅਜ਼ਾਦ ਹੋ ਕੇ ਕੰਮ ਕਰਨ ਲੱਗੇ। ਇਨ੍ਹਾਂ ਦੇ ਧਾਰਮਿਕ ਕੱਟੜਪੰਥੀ ਵਿਚਾਰਾਂ ਦੀ ਆਜ਼ਾਦ ਗਤੀ ਨੇ ਅਰਬ ਖੇਤਰ ਅਤੇ ਅਫਗਾਨਿਸਤਾਨ ਵਿੱਚ ਅਮਰੀਕੀ ਮਨਸੂਬਿਆਂ ਅਤੇ ਉਨ੍ਹਾਂ ਦੇ ਨਤੀਜਿਆਂ ਨੂੰ ਇਸਲਾਮ-ਵਿਰੋਧੀ ਮੰਨ ਕੇ ਉਸਦੇ ਵਿਰੁੱਧ ਸੰਘਰਸ਼ ਲਈ ਪ੍ਰੇਰਿਤ ਕੀਤਾ, ਜਿਸਦਾ ਨਤੀਜਾ ਅੱਜ ਸਾਹਮਣੇ ਹੈ।
ਖੈਰ ਦਹਿਸ਼ਤਗਰਦੀ ਆਪਣੇ ਇਨਕਲਾਬੀ ਅਤੇ ਪਿਛਾਖੜੀ ਦੋਨਾਂ ਹੀ ਰੂਪਾਂ ਵਿੱਚ, ਮੁੱਖ ਤੌਰ 'ਤੇ - ਸਾਮਰਾਜਵਾਦ ਅਤੇ ਪੂੰਜੀਵਾਦ ਦੀ ਜਾਬਰ ਰਾਜਸੱਤ੍ਹਾ ਦੀ, ਰਾਜਕੀ ਦਹਿਸ਼ਤਗਰਦੀ ਦਾ ਸਿੱਟਾ ਹੈ। ਦਹਿਸ਼ਤਗਰਦੀ ਮੁੜ-ਸੁਰਜੀਤੀ, ਪਿੱਛਲ-ਮੋੜੇ ਅਤੇ ਉਲਟ ਇਨਕਲਾਬ ਦੇ ਹਨ੍ਹੇਰੇ ਵਿੱਚ ਦਿਸ਼ਾਹੀਣ ਵਿਦਰੋਹ ਅਤੇ ਨਿਰਾਸ਼ਾ ਦੇ ਮਾਹੌਲ ਦਾ ਇੱਕ ਸਿੱਟਾ ਹੈ। ਦਹਿਸ਼ਤਗਰਦੀ ਲੋਕ ਇਨਕਲਾਬ ਦੀ ਅਗਵਾਈ ਕਰਨ ਵਾਲੀਆਂ ਤਾਕਤਾਂ ਦੀ ਅਣਹੋਂਦ ਜਾਂ ਕਮਜ਼ੋਰੀ ਜਾਂ ਅਸਫ਼ਲਤਾ ਦਾ ਵੀ ਇੱਕ ਨਤੀਜਾ ਹੈ। ਇਹ ਯੁਟੋਪਿਆਈ, ਰੁਮਾਂਟਿਕ, ਵਿਦਰੋਹੀ ਮੱਧਵਰਗ ਦਾ ਆਪਣੇ ਦਮ 'ਤੇ ਤੁਰਤ-ਫੁਰਤ ਇਨਕਲਾਬ ਕਰ ਲੈਣ ਦਾ ਭਰਮ ਅਤੇ ਕਿਰਤੀ ਲੋਕਾਂ ਦੀ ਜਥੇਬੰਦਕ ਤਾਕਤ ਅਤੇ ਸਿਰਜਣਸ਼ੀਲਤਾ ਵਿੱਚ ਉਸਦੀ ਬੇਭਰੋਸਗੀ ਦਾ ਨਤੀਜਾ ਹੈ। ਦਹਿਸ਼ਤਗਰਦ ਭਟਕਾਅ ਨੂੰ ਚੰਗੀ ਤਰ੍ਹਾਂ ਸਮਝਣਾ ਅਤੇ ਉਸਦੇ ਖਿਲਾਫ਼ ਅਣਥੱਕ ਵਿਚਾਰਧਾਰਕ ਸੰਘਰਸ਼ ਚਲਾਉਣਾ ਨਵੇਂ ਸਿਰੇ ਤੋਂ ਲੋਕ-ਇਨਕਲਾਬ ਦੀ ਤਿਆਰੀ ਦੀ ਇਸ ਦੌਰ ਦੀ ਇੱਕ ਬਹੁਤ ਹੀ ਜ਼ਰੂਰੀ ਜ਼ਿੰਮੇਵਾਰੀ ਹੈ।