ਹਰਿਗੋਬਿੰਦ ਸਾਹਿਬ ਜੀ ਦੇ ਅਵਤਾਰ ਸਮੇਂ ਕਵਿ ਜੀ ਆਪ ਗਿਣਕੇ ਦੱਸ ਆਏ ਹਨ ਕਿ ਸਾਰੇ ਦੇਵੀ ਦੇਵਤੇ ਆਏ ਤੇ ਗੁਰੂ ਜੀ ਦਾ ਪੂਜਨ ਕੀਤਾ ਤੇ ਕਿਹਾ ਕਿ 'ਆਪ ਦਾ ਅਵਤਾਰ ਤੁਰਕਾਂ ਦੇ ਨਾਸ਼ ਹੇਤ ਹੋਇਆ ਹੈ, ਸਾਨੂੰ ਹੁਕਮ ਕਰੋ, ਜੋ ਕਹੇ ਸੋ ਕਰੀਏ' ਯਥਾ-
'ਯੈ ਹੁਇ ਆਇਸੁ ਰਾਵਰ ਕੀ
ਹਮ ਕਾਜ ਕਰੈਂ ਤਿਮ ਦਿਓ ਫੁਰਮਾਏ’॥
ਫਿਰ ਦੇਵਤੇ ਤੇ ਜੋਗਨੀਆਂ ਆਦਿ ਕੁਛ ਮੰਗਦੇ ਹਨ, ਉਨ੍ਹਾਂ ਵਿਚੋਂ ਕਾਲੀ ਨੂੰ ਕਹਿੰਦੇ ਹਨ :-
ਕਾਲੀ ! ਕਪਾਲ ਭਰੋ ਅਪਨੇ ਪਲ ਸ੍ਰੇਣਤ ਸੰਗ ਉਮੰਗ ਬਿਸਾਲਾ।' ਏਥੇ ਕਾਲੀ, ਰੁਦ੍ਰ, ਨਾਰਦ, ਜੋਗਨੀਆਂ, ਬੀਰ ਬਵੰਜਾ ਸਾਰੇ ਦਾਸ ਬਣਕੇ ਆਉਂਦੇ ਹਨ, ਹੱਥ ਜੋੜਦੇ, ਮੱਥੇ ਟੇਕਦੇ ਤੇ ਪੂਜਨ ਕਰਦੇ ਹਨ। ਤੇ ਗੁਰੂ ਜੀ ਮਾਲਕ ਦੀ ਹੈਸੀਅਤ ਵਿੱਚ ਹੁਕਮ ਦੇਂਦੇ ਤੇ ਦਾਨ ਕਰਦੇ ਹਨ। ਸਿੱਖ ਮਤ ਅਨੁਸਾਰ ਇਹੋ ਹੀ ਦਰਜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦੇਵਤਿਆਂ ਨਾਲ ਹੈ। ਕਵਿ ਜੀ ਆਪ ਦੇਵੀ ਦੇਉਤਿਆਂ ਨੂੰ ਗੁਰੂ ਜੀ ਦੀ ਅਰਾਧਨਾ ਕਰਨ ਵਾਲੇ ਦੱਸਦੇ ਹਨ। ਫਿਰ ਸੌ ਸਾਖੀ ਤੇ ਹੋਰ ਲੇਖਕਾਂ ਦਾ ਐਵੇਂ ਹੀ ਪਾਸਾ ਪਲਟਾ ਦੇਣਾ ਤੇ ਯਕਾਯਕ ਦੇਵੀ ਨੂੰ ਪੂਜਾ ਯੋਗ ਬਣਾ ਦੇਣਾ ਤੇ ਗੁਰੂ ਜੀ ਦਾ ਸੰਕਟਾਂ ਵਿਚ ਪੈਕੇ ਉਸਨੂੰ ਪ੍ਰਗਟਾਉਂਦੇ ਦੱਸਣਾ ਯੁਕਤੀ ਸਿੱਧ ਨਹੀਂ ਰਹਿੰਦਾ। ਜਿਹੜੀ 'ਕਾਲੀ' ਛੇਵੇਂ ਜਾਮੇ ਤਾਂ ਬਿਨਾ ਆਵਾਹਨ, ਬਿਨਾ ਪ੍ਰਯੋਗ, ਆਪੇ ਪਈ ਪ੍ਰਗਟ ਹੁੰਦੀ ਹੈ ਤੇ ਹਾਜ਼ਰ ਹੋ ਕੇ ਯਾਚਨਾ ਕਰ ਰਹੀ ਹੈ ਤੇ ਗੁਰੂ ਜੀ ਉਸਨੂੰ ਕਹਿ ਰਹੇ ਹਨ :-'ਲਹੂ ਦੇ ਖਪਰ ਭਹੇ, ਉਹ ਦਸਮੇਂ ਜਾਮੇ ਪ੍ਰਗਟਣ ਲਈ ਇਤਨੇ ਖੇਚਲੇ ਦੇਂਦੀ ਹੈ ਤੇ ਫੇਰ ਪ੍ਰਗਟ ਹੋਕੇ ਬੀ ਭੇਟਾ ਮੰਗਦੀ ਹੈ। ਇਹ ਗਲ ਅਟਪਟੀ ਹੋਣ ਦੇ ਸਿਵਾ ਦਲੀਲ ਦੀ ਕਸਵੱਟੀ ਤੇ ਕੋਈ ਹੋਰ ਕਸ ਨਹੀਂ ਦੇਂਦੀ। ਦਸਵੇਂ ਗੁਰਾਂ ਦੀ ਦੇਵੀ ਤੋਂ ਉੱਚੀ ਪਦਵੀ ਬਾਬਤ ਕਵੀ ਸੰਤੋਖ ਸਿੰਘ ਆਪ ਲਿਖਦੇ ਹਨ :-