ਕਰਨ ਵਾਲੀ ਤੇ ਫਸਾਉਣ ਵਾਲੀ ਹੈ। ਵੇਦਾਂਤ ਦੀ ਮਾਇਆ ਭੁਲੇਵਾ ਤੇ ਭੁਲੇਖਾ ਦੇਣ ਵਾਲੀ ਅਗ੍ਯਾਨ ਤੇ ਅੰਧੇਰਾ ਹੈ। ਫਿਰ ਪ੍ਰਕ੍ਰਿਤੀ ਤੇ ਮਾਇਆ ਨੂੰ ਮਾੜਾ ਕਿਹਾ ਜਾਂਦਾ ਹੈ। ਇਸ ਨੂੰ ਦੂਰ ਕਰਨਾ, ਇਸ ਤੇ ਬਿਜੈ ਪਾਉਣੀ, ਇਸਦੇ ਫੰਧੇ ਤੋਂ ਛੁੱਟਣਾ ਜੀਵਨ ਦਾ ਪਰਮਾਰਥ ਸਮਝਿਆ ਜਾਂਦਾ ਹੈ। ਉਧਰ ਦੇਵੀ ਯਾ ਸ਼ਕਤੀ ਪੂਜਨੀਕ ਕਹੀ ਦੀ ਹੈ, ਸਤਿਕਾਰ ਯੋਗ ਦੱਸੀ ਦੀ ਹੈ; ਧਿਆਨ ਯੋਗ ਦੱਸੀ ਜਾਂਦੀ ਹੈ। ਫਿਰ ਦੋਹਾਂ ਨੂੰ ਇਕ ਕਿਵੇਂ ਕ੍ਯਾਸ ਕੀਤਾ ਜਾਂਦਾ ਹੈ ? ਸੋ ਜੇ ਦੇਵੀ ਨੂੰ ਪ੍ਰਕ੍ਰਿਤੀ ਤੇ ਮਾਇਆ ਨਾਲ ਪ੍ਰਯਾਯਵਾਚੀ ਸਮਝਿਆ ਜਾਏਗਾ ਤਾਂ ਆਪੇ ਹੀ ਉਹ ਤਿਆਗਣੇ ਯੋਗ ਤੇ ਨਾਂ ਪੂਜਣੇ ਯੋਗ ਸਿੱਧ ਹੋ ਗਈ। ਉਸ ਤੋਂ ਜਗਤ ਨੂੰ ਛੁਡਾਉਣ ਵਾਸਤੇ ਹੀ ਆਪ ਆਏ ਸਨ। ਉਸ ਦੀ ਪੂਜਾ ਦਸਮੇਂ ਗੁਰੂ ਜੀ ਨੇ ਕਾਸ ਨੂੰ ਕਰਨੀ ਸੀ।
੩. ਤੀਸਰਾ ਸਰੂਪ ਦੇਵੀ ਦਾ ਦੇਵੀ ਦੀ ਮੂਰਤੀ ਹੈ। ਸੋ ਸਿੱਖ ਲੇਖਕਾਂ ਨੇ, ਜਿਨ੍ਹਾਂ ਦੇ ਜ਼ਿਕਰ ਅਸਾਂ ਪਿੱਛੇ ਕੀਤੇ ਹਨ, ਕਿ ਜਿਨ੍ਹਾਂ ਨੇ ਦੇਵੀ ਪੂਜੀ ਲਿਖੀ ਹੈ, ਉਨ੍ਹਾਂ ਨੇ ਦੇਵੀ ਦੀ ਮੂਰਤੀ ਦੀ ਪੂਜਾ ਕੀਤੀ ਗਈ ਦਾ ਜ਼ਿਕਰ ਨਹੀਂ ਕੀਤਾ। ਉਨ੍ਹਾਂ ਨੇ ਨਹੀਂ ਦੱਸਿਆ ਕਿ ਕਿਸੇ ਪੱਥਰ ਮਿੱਟੀ, ਕਾਠ ਯਾ ਧਾਤੂ ਆਦਿ ਦੀ ਘੜੀ ਮੂਰਤੀ ਜੋ ਵਿਯਾਚਲ ਤੇ ਕਾਲੀ ਬਾੜੀ ਤੇ ਹੋਰ ਥਾਈਂ ਪੂਜੀ ਜਾ ਰਹੀ ਹੈ, ਗੁਰੂ ਜੀ ਨੇ ਪੂਜੀ ਸੀ। ਇਸ ਕਰਕੇ ਇਸ ਤੇ ਬਹਿਸ ਦੀ ਲੋੜ ਨਹੀਂ। ਉਹ ਗ੍ਯਾਨੀ, ਜੋ ਕਥਾ ਵਾਰਤਾ ਕਰਦੇ ਹਨ, ਉਹ ਬੀ ਦੇਵੀ ਦੀ ਮੂਰਤੀ ਦੀ ਪੂਜਾ ਕੀਤੀ ਗਈ ਸ੍ਵੀਕਾਰ ਨਹੀਂ ਕਰਦੇ। ਦੇਵੀ ਦੀ ਮੂਰਤੀ ਦਾ ਪੂਜਨ ਨਾ ਗੁਰਬਾਣੀ ਵਿੱਚ ਹੈ, ਨਾਂ ਗੁਰ ਇਤਿਹਾਸ ਵਿਚ ਹੈ, ਨਾਂ 'ਦੇਵੀ ਪ੍ਰਗਟ ਕਰਨਾ' ਸਿੱਧ ਕਰਨ ਵਾਲੇ ਉਪਰਲੇ ਲੇਖਕਾਂ ਦੀ ਰਚਨਾ ਵਿੱਚ ਹੈ। ਇਸ ਲਈ ਦੇਵੀ ਦਾ ਇਹ ਪੱਖ ਹੋਰ ਵਿਚਾਰ ਗੋਚਰਾ ਨਹੀਂ।