"ਅਬ ਰੱਛਾ ਮੇਰੀ ਤੁਮ ਕਰੋ॥ ਸਿਖ੍ਯ ਉਬਾਰ ਅਸਿਖ੍ਯ ਸੰਘਰੋ॥
ਦੁਸਟ ਜਿਤੇ ਉਨਵਤ ਉਤਪਾਤਾ॥ ਸਕਲ ਮਲੇਛ ਕਰੋ ਰਣ ਘਾਤ॥"
ਫਿਰ ਆਪਣੇ ਅਸੂਲ ਮੂਜਬ ਕਿ ਵਾਹਿਗੁਰੂ ਨੂੰ ਹਰ ਲਿੰਗ ਵਿਚ ਵਰਣਨ ਕਰਨਾ ਅਲਿੰਗ ਵਰਣਨ ਕਰਨ ਤੁੱਲ ਹੈ, ਆਪ ਨੇ ਕਿਹਾ ਹੈ :-
"ਕ੍ਰਿਪਾ ਕਰੀ ਹਮ ਪਰ ਜਗ ਮਾਤਾ॥ ਗ੍ਰੰਥ ਕਰਾ ਪੂਰਨ ਸੁਭ ਰਾਤਾ॥ ਕਿਲਬਿਖ ਸਕਲ ਦੇਹ ਕੋ ਹਰਤਾ॥ ਦੁਸਟ ਦੋਖਿਯਨ ਕੋ ਛੇ ਕਰਤਾ॥"
ਇਥੇ ਉਸਨੂੰ ਜਗਮਾਤਾ ਕਹਿਕੇ ਪੁਲਿੰਗ ਵਾਚੀ ਪਦਾਂ 'ਕੋ ਹਰਤਾ' ਤੇ 'ਕੇ ਛੇ ਕਰਤਾ' ਨਾਲ ਯਾਦ ਕੀਤਾ ਹੈ। ਤੇ ਅੱਗੇ ਇਸੇ ਜਗਮਾਤਾ ਨੂੰ ਪੁਲਿੰਗ ਵਾਚਕ ਪਦਾਂ" ਨਾਲ ਯਾਦ ਕਰੀ ਟੁਰੀ ਜਾਂਦੇ ਹਨ :-
"ਸ੍ਰੀ ਅਸਿਧੁਜ ਜਬ ਭਏ ਦਿਆਲਾ। ਪੂਰਨ ਕਰਾ ਗ੍ਰੰਥ ਤਤਕਾਲਾ।"
ਇਹ ਬੇਨਤੀ ਵਾਲੀ ਚੌਪਈ ਅਸਿਕੇਤੁ ਸੰਗ੍ਰਾਮ ਚਰਿਤ੍ਰ ਦੇ ਅਖੀਰ ਪਰ ਰੱਖਕੇ ਜਣਾ ਦਿੱਤਾ ਹੈ ਕਿ ਗ੍ਰੰਥ ਵਿਚ ਆਏ ਕਿੱਸੇ ਕਹਾਣੀਆਂ ਤੋਂ ਮੇਰੇ ਇਸ਼ਟ, ਮੇਰੇ ਗੁਰੂ, ਮੇਰੇ ਜੁੱਧ ਦੇਵ (War God) ਦਾ ਭੁਲੇਖਾ ਨਾ ਖਾ ਜਾਣਾ। ਏਹ ਕਿੱਸੇ ਕਹਾਣੀਆਂ ਬੁੱਧੀ ਦੀ ਤੀਖਣਤਾ ਤੇ ਬੀਰ-ਰਸੀ ਉਮਾਹ ਲਈ ਹਨ।
––––––––––––––
੧. 'ਕਰਤਾ' 'ਹਰਤਾ' ਪਦ ਹਿੰਦੀ ਸ਼ਬਦ ਸਾਗਰ ਕੋਸ਼ ਵਿਚ ਪੁਲਿੰਗ ਲਿਖੇ ਹਨ। ਬਾਬਾ ਠਾਕਰ ਸਿੰਘ ਜੀ ਭੁੱਲੇ ਨੇ ਆਪਣੇ ਦਸਮ ਗ੍ਰੰਥ ਦੇ ਪ੍ਰਯਾਵਾਂ ਵਿਚ ਇਥੇ ਜਗਮਾਤਾ ਦਾ ਅਰਥ ਕੀਤਾ ਹੈ :- 'ਜਗਤ ਕੇ ਮਾਤਾ ਪਿਤਾ ਰੂਪ । ਐਉਂ ਬੀ ਕਹਿੰਦੇ ਹਨ:- 'ਜਗਤ ਨੂੰ ਜਨਮ ਦੇਣ ਵਾਲਾ।'
੨. ਯਾਦ ਰਹੇ ਕਿ ਚਰਿਤ੍ਰਾਂ ਵਿਚ ਇਨ੍ਹਾਂ ਦੀ ਉਥਾਨਕਾ ਦਿੱਤੀ ਹੈ ਕਿ ਇਕ ਰਾਜਾ ਅਪਣੀ ਛਲਨੀ ਇਸਤ੍ਰੀ ਦੇ ਕਹੇ ਲੱਗਕੇ ਆਪਣੇ ਪਤ੍ਰ ਨੂੰ ਫਾਂਸੀ ਦੇਣ ਲੱਗਾ ਸੀ, ਤਾਂ ਮੈਤ੍ਰੀ ਨੇ ਉਸ ਭੁੱਲ ਤੋਂ ਬਚਾਉਣ ਲਈ ਉਸਨੂੰ ਤ੍ਰਿਯਾ ਚਰਿੱਤ੍ਰ ਸੁਣਾਏ। ਇਸ ਉਥਾਨਕਾ ਤੋਂ ਵਿਰੁੱਧ ਹੋਰ ਕੋਈ ਚਰਿੱਤ੍ਰਾਂ ਦੇ ਭਾਵ ਕੱਢਣੇ ਠੀਕ ਨਹੀਂ। ਦੂਜੀ ਗੱਲ ਇਹ ਹੈ ਕਿ ਚਰਿੱਤ੍ਰਾਂ ਨੂੰ ਪੱਖ੍ਯਾਨ' ਕਿਹਾ ਹੈ। 'ਪਖ੍ਯਾਨ' ਪਦ ਦਾ ਸੰਸਕ੍ਰਿਤ ਰੂਪ 'ਉਪਾਖ੍ਯਾਨ' ਹੈ, ਇਸ ਦਾ ਅਰਥ ਹੈ ਕਿੱਸਾ, ਕਹਾਣੀ, ਉਹ ਕਹਾਣੀ ਜੋ ਕਿਸੇ ਤੋਂ ਸੁਣੀ ਹੋਈ ਹੋਵੇ (ਦੇਖੋ ਮੋ: ਸ: ਵਿਲੀਅਮ ਕੋਸ਼)। ਸੋ ਚਰਿੱਤ੍ਰ ਕਈ ਸੋਮਿਆਂ ਤੋਂ ਆਈਆਂ ਕਹਾਣੀਆਂ ਹਨ।