"ਇਨ੍ਹਾਂ ਤੋਂ ਮਗਰੋਂ ਗਿਆਨੀ ਗਿਆਨ ਸਿੰਘ ਜੀ ਨੇ ੧੯੩੫ ਬਿਕ੍ਰਮੀ ਵਿਚ ਪੰਥ ਪ੍ਰਕਾਸ਼ ਲਿਖਿਆ ਸੋ ਗੁਰੂ ਮਹਾਰਾਜ ਦੇ ੧੮੦* ਸਾਲ ਮਗਰੋਂ ਇਹ ਕਥਾ ਲਿਖੀ ਗਈ।
"ਇਸ ਤਰ੍ਹਾਂ ਬਾਬਾ ਸੁਮੇਰ ਸਿੰਘ ਜੀ ਨੇ ੧੯੩੯* ਬਿਕ੍ਰਮੀ ਵਿਚ ਆਪਣਾ ਗੁਰ ਬਿਲਾਸ ਬਣਾਇਆ, ਜਿਸ ਤੇ ਉਨ੍ਹਾਂ ੧੮੪ ਸਾਲ ਮਗਰੋਂ ਇਸੇ ਪ੍ਰਸੰਗ ਨੂੰ ਅਪਣੇ ਖਿਆਲ ਮੂਜਬ ਲਿਖਿਆ।
ਹੁਣ ਜਦ ਅਸੀਂ ਇਨ੍ਹਾਂ ਕਵੀਆਂ ਦੇ ਪੁਸਤਕਾਂ ਨੂੰ ਉਸ ਦੇਵੀ ਵਾਲੇ ਕਾਰਜ ਥੋਂ ਸਦੀਆਂ ਮਗਰੋਂ ਲਿਖੇ ਵੇਖਦੇ ਹਾਂ ਤਦ ਫਿਰ ਕਿਸ ਤਰ੍ਹਾਂ ਮੰਨ ਲਈਏ ਕਿ ਇਹ ਸਭ ਸੱਚੇ ਹਨ ਯਾ ਇਨ੍ਹਾਂ ਦਾ ਪਰਸਪਰ ਵਿਰੋਧ ਨਾ ਹੋਵੇ।"
(ਦੁਰਗਾ ਪ੍ਰਬੋਧ, ਪੰਨਾ ੪੮੮)
"ਪਹਿਲੇ ਤਾਂ ਗੁਰੂ ਜੀ ਨਾਲ ਇਹ (ਭਾਵ ਬ੍ਰਾਹਮਣ) ਝਗੜਾ ਕਰਦੇ ਰਹੇ ਕਿ ਦੇਵਤਾ ਬਿਧਿ ਵਤ ਕ੍ਰਿਯਾ ਕਰਨ ਤੇ ਪ੍ਰਗਟ ਹੋ ਜਾਂਦਾ ਹੈ। ਜਦ ਗੁਰੂ ਜੀ ਨੇ ਆਖਿਆ ਕਿ ਕਰਕੇ ਵਿਖਾਓ। ਤਦ ਸਿੱਧ ਕਰਨ ਵਾਲੇ ਵਡੇ ਵਿਦ੍ਵਾਨ ਪੰਡਤ ਦੇ ਹੋਣੇ ਦੀ ਢੁੱਚਰ ਡਾਹੀ। ਜਦ ਉਹ ਬੀ ਆ ਗਏ ਤਦ ਸਵਾ ਲੱਖ ਰੁਪੱਯੇ ਦੀ ਸਾਮਿਗਰੀ ਮੰਗੀ, ਜੋ ਇਕ ਵਡੀ ਭਾਰੀ ਰਕਮ ਸੀ) ਫਿਰ ਜਦ ਉਹ ਭੀ ਮਨਜ਼ੂਰ ਹੋਈ ਤਦ ਸਵਾ ਲੱਖ ਰੁਪੱਯਾ ਦੱਖਣਾ ਦਾ ਮੰਗਿਆ ਅਰ ਮਨਜ਼ੂਰ ਕਰਾਯਾ, ਫਿਰ ਸਵਾ ਲੱਖ ਰੁਪੱਯੇ ਨਾਲ ਬ੍ਰਾਹਮਣਾਂ ਨੂੰ ਯੱਗ ਕਰਨਾ ਦੱਸਿਆ, ਜਿਸ ਵਿਚ ਮਾਸ ਅਰ ਖੀਰ ਦੀ ਪ੍ਰੀਯਾ ਹੋਈ। ਉਸਤੋਂ ਮਗਰੋਂ ਨਦੀ ਦੇ ਕਿਨਾਰੇ ਹਵਨ ਕਰਨ ਦੀ ਜਗ੍ਹਾ ਬਨਾਉਣਾ ਆਖਿਆ ਜੋ ਬਣਵਾ ਲਈ। ਉਸ ਜਗ੍ਹਾ ਪਰ ਜਦ ਹਵਨ ਹੋਣ ਲੱਗਾ ਅਤੇ ਢਾਈ ਸਾਲ ਗੁਜ਼ਰੇ ਕੁਛ ਨਾ ਹੋਇਆ, ਤਦ ਉਥੋਂ ਇਹ ਬਹਾਨਾ ਕਰਕੇ ਕਿ ਇਥੇ ਰੌਲਾ ਪੈਂਦਾ ਹੈ, ਕਿਤੇ ਇਕਾਂਤ ਸਥਾਨ ਚਲੀਏ, ਨੈਣਾਂ ਦੇਵੀ ਟਿੱਲੇ ਪੁੱਜੇ। ਉਥੇ ਜਾਕੇ ਗੁਰੂ ਜੀ ਦਾ ਸ਼ਿਕਾਰ ਖੇਲਣਾ ਹਟਾਇਆ ਅਤੇ ਅਹਿੰਸਾ ਪਰਮ ਧਰਮ ਬਤਾਇਆ।
––––––––––––––––
* ਖਾਲਸਾ ਸਾਜਨ ਦੇ ਮਗਰੋਂ।