ਜੇ ਬੀਰ-ਰਸੀ ਦੁਰਗਾ ਦਾ ਖਿਆਲ ਹੈ, ਚਾਹੇ ਉਹ ਕਿਵੇਂ ਉਪਜਿਆ ਕਾਲੀ ਪੂਜਣ ਵਾਲੇ ਅਸਲੀ ਵਸਨੀਕਾਂ ਦੀ ਪੂਜ੍ਯ ਮੂਰਤੀ ਦੇ ਖਿਆਲ ਨਾਲ ਖਲਤ ਮਲਤ ਹੋਕੇ ਸ਼ਾਕਤਿਕ ਯਾ ਤਾਂਤ੍ਰਿਕ ਮਤ ਦਾ ਮੂਲ ਮੁੱਢ ਬੱਝਾ ਤੇ ਅਨੇਕ ਤਰ੍ਹਾਂ ਦੀਆਂ ਨਾ ਕਥਨੇ ਯੋਗ ਲੀਲਾਂ ਦੇ ਮਗਰੋਂ ਇਹ ਮਤ ਹਠ ਯੋਗ ਦੀਆਂ ਕਈ ਸਾਧਨਾ ਵਲ ਉਠਦਾ ਅੰਤ ਫ਼ਿਲਸਫ਼ਾ ਦੇ ਖਿਆਲਾਂ ਨਾਲ ਜਾ ਮਿਲਿਆ। ਤੇ ਦੁਰਗਾ ਦੇ ਖ੍ਯਾਲ ਆਦਿ ਭਵਾਨੀ ਵਿਚ ਆਕੇ ਈਸ਼੍ਵਰੱਤ੍ਵ ਦੇ ਦਰਜੇ ਤਾਈਂ ਅੱਪੜਿਆ।
ਗੁਰਮਤ ਵਿਚ ਦੇਵੀ ਉਪਾਸਨਾ ਮੁੱਢ ਤੋਂ ਨਹੀਂ ਹੈ, ਨਾ ਕਾਲੀ ਦੀ ਸੂਰਤ ਵਿਚ, ਨਾ ਦੁਰਗਾ ਦੀ ਸੂਰਤ ਵਿਚ ਤੇ ਨਾ ਆਦਿ ਭਵਾਨੀ ਦੇ ਖਿਆਲਾਂ ਵਿਚ। ਬਲਕਿ ਜੋ ਸਮਾਂ ਭਗਤਾਂ ਦਾ ਗੁਜ਼ਰਿਆ ਹੈ ਉਹ ਭੀ ਇਸ ਤੋਂ ਇਨਕਾਰ ਕਰਦੇ ਰਹੇ ਹਨ ਤੇ ਉਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪ੍ਰਮਾਣੀਕ ਬਾਣੀ ਹੋਕੇ ਚੜ੍ਹੀ। ਗੁਰੂ ਇਤਿਹਾਸ ਵਿਚ ਭੀ ਦੇਵੀ ਪੂਜਾ ਦੀ ਮਨਾਹੀ ਦੇ ਵਾਕਿਆਤ ਕਈ ਹਨ। ਦਸਮ ਗੁਰੂ ਜੀ ਦੇ ਵਾਕ ਬੀ ਇਕ ਅਕਾਲ ਦੀ ਪੂਜਾ ਦੇ ਬਿਨਾ ਕਿਸੇ ਹੋਰ ਦੀ ਪੂਜਾ ਪ੍ਰਤਿਸ਼ਟਾ ਇਸ਼ਟ ਭਾਵਨਾ ਦੇ, ਐਤਨੇ ਮਿਲਦੇ ਹਨ ਕਿ ਕੋਈ ਸੱਤ੍ਯ ਦਾ ਖੋਜੀ ਉਨ੍ਹਾਂ ਨੂੰ ਪੜ੍ਹਕੇ ਇਸ ਸਿੱਟੇ ਤੇ ਪੁੱਜੇ ਬਿਨਾਂ ਨਹੀਂ ਰਹਿ ਸਕਦਾ ਕਿ ਓਹ ਇਕ ਅਕਾਲ ਪੁਰਖ ਦੇ ਉਪਾਸ਼ਕ ਸੇ ਅਤੇ ਤਾਂਤ੍ਰਿਕ ਯਾ ਸ਼ਾਕਤਿਕ ਮਤ ਦੀ ਸ਼ਕਤੀ ਦੇ ਉਪਾਸਕ ਕਦੇ ਨਹੀਂ? ਸੇ।
––––––––––––––––––
੧.ਮਹਾ ਮਾਈ ਦੀ ਪੂਜਾ ਕਰੈ। ਨਰ ਸੈ ਨਾਰਿ ਹੋਇ ਅਉਤਰੈ ॥੩॥
ਤੂ ਕਹੀਅਤ ਹੀ ਆਦਿ ਭਵਾਨੀ॥ ਮੁਕਤਿ ਕੀ ਬਰੀਆ ਕਹਾ ਛਪਾਨੀ॥੪॥
{ਗੱ: ਨਾਮ}
੨.ਦੇਖੋ ਪਿਛੇ ਪੰਨਾ ੩੧ ਜਿਥੇ ਕਵਿ ਸੰਤੋਖ ਸਿੰਘ ਜੀ ਨੇ ਦੱਸਿਆ ਹੈ ਕਿ ਦਸਮ ਗੁਰਬਾਣੀ ਵਿਚ ਦੇਵੀ ਦੀ ਸਤੁਤੀ ਆਉਣ ਤੋਂ ਉਨ੍ਹਾਂ ਨੂੰ ਦੇਵੀ ਉਪਾਸਕ ਮੰਨਣਾ ਭੁੱਲ ਹੈ। ਇਸੇ ਤਰ੍ਹਾਂ ਦੌਲਤ ਰਾਇ ਵਰਗੇ ਇਤਰ ਮਤਾਵਲੰਬੀਆਂ ਨੇ ਬੀ ਦਸਮ ਗੁਰਬਾਣੀ ਪੜ੍ਹਕੇ ਦੇਵੀ ਦੇ ਵਿਸ਼ੇ ਤੋਂ ਏਹੋ ਹੀ ਰਾਇ ਕਾਇਮ ਕੀਤੀ ਹੈ। ਦੇਖੋ ਪਿੱਛੇ ਸਫਾ ੬੪ ਅੰਕ १६।